
ਮਾਮਲਾ ਮੂੰਹ ਬੰਨ੍ਹੇ ਮੋਟਰਸਾਇਕਲ ਚਾਲਕ ਦੇ ਚਲਾਨ ਕੱਟਣ ਦਾ
ਤਪਾ ਮੰਡੀ, 25 ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਵਿਧਾਨ ਸਭਾ ਹਲਕਾ ਭਦੌੜ ਤੋ ਆਪ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੋਲਾ ਵੱਲੋ ਇਕ ਮੋਟਰਸਾਇਕਲ ਦਾ ਸਿਟੀ ਪੁਲਿਸ ਵੱਲੋ ਕੱਟੇ ਚਲਾਨ ਤੋ ਨਰਾਜ ਹੋ ਕੇ ਇਸ ਦੀ ਸ਼ਿਕਾਇਤ ਵਿਧਾਨ ਸਭਾ ਦੇ ਸਪੀਕਰ ਕੋਲ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਸਿਟੀ ਪੁਲਿਸ ਦੇ ਇੰਚਾਰਜ ਰਾਮ ਲੁਭਾਇਆ ਨੂੰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਦੇ ਸੁਪਰਡੈਂਟ ਵੱਲੋ 26 ਮਾਰਚ ਨੂੰ ਤਲਬ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਸਿਟੀ ਪੁਲਿਸ ਵੱਲੋ ਇਕ ਮੂੰਹ ਬੰਨ ਕੇ ਮੋਟਰਸਾਇਕਲ ਚਲਾਉਣ ਵਾਲੇ ਚਾਲਕ ਦਾ ਚਲਾਨ ਬੀਤੇ ਦਿਨੀ ਸਿਟੀ ਪੁਲਿਸ ਨੇ ਕੱਟਿਆ ਹੈ ਜਦਕਿ ਉਕਤ ਚਾਲਕ ਨੂੰ ਸੜਕ ਉਪਰ ਰੋਕਣ ਦੀ ਪੁਲਿਸ ਨੇ ਕੋਸ਼ਿਸ ਕੀਤੀ ਪਰੰਤੂ ਉਕਤ ਚਾਲਕ ਨੇ ਮੋਟਰਸਾਇਕਲ ਰੋਕਣ ਦੀ ਥਾਂ ਹੋਰ ਭਜਾ ਲਿਆ। ਜਿਸ ਦਾ ਪਿੱਛਾ ਕਰਕੇ ਉਕਤ ਚਾਲਕ ਨੂੰ ਸਿਟੀ ਪੁਲਿਸ ਨੇ ਰੋਕ ਲਿਆ ਜਦਕਿ ਨੌਜਵਾਨ ਵੱਲੋ ਸਿਟੀ ਪੁਲਿਸ ਨਾਲ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਉਕਤ ਮਾਮਲੇ ਵਿਚ ਗੱਲ ਕਰਵਾਉਣ ਦੀ ਕੋਸ਼ਿਸ ਕੀਤੀ ਗਈ ਪਰੰਤੂ ਪੂਰਨ ਘਟਨਾਕ੍ਰਮ ਦਰਮਿਆਨ ਉਕਤ ਵਿਅਕਤੀ ਦਾ ਪੁਲਿਸ ਨੇ ਚਲਾਨ ਕੱਟ ਦਿੱਤਾ। ਸਿਟੀ ਪੁਲਿਸ ਦੇ ਇੰਚਾਰਜ ਰਾਮ ਲੁਭਾਇਆ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦਿਆ ਕਿਹਾ ਕਿ ਅਦਾਲਤ ਦੇ ਹੁਕਮਾਂ ਤਹਿਤ ਹੀ ਚਲਾਨ ਕੱਟਿਆ ਗਿਆ ਹੈ ਜਦਕਿ ਵਿਧਾਇਕ ਦੇ ਫੋਨ ਤੋ ਪਹਿਲਾ ਹੀ ਉਕਤ ਨੌਜਵਾਨ ਦਾ ਚਲਾਨ ਕੱਟਿਆ ਜਾ ਚੁੱਕਿਆ ਸੀ। ਪਰ ਉਨ੍ਹਾਂ ਵੱਲੋ ਵਿਧਾਨ ਸਭਾ ਅੰਦਰ ਸ਼ਿਕਾਇਤ ਦਰਜ ਕਰਵਾਉਣ 'ਤੇ ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਅੰਦਰ ਲੁੱਟਮਾਰ ਦੀਆ ਹੋ ਰਹੀਆ ਵਾਰਦਾਤਾਂ ਨੂੰ ਠੱਲਣ ਲਈ ਹੀ ਅਜਿਹੇ ਸ਼ਨਾਖਤ ਲਕਾਉਣ ਵਾਲੇ ਚਾਲਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਜੇਕਰ ਇੰਝ ਪੁਲਿਸ ਦੇ ਛੋਟੇ ਛੋਟੇ ਮਾਮਲਿਆਂ ਦੀ ਸ਼ਿਕਾਇਤ ਹੁੰਦੀ ਰਹੀ ਤਦ ਪੁਲਿਸ ਦਾ ਮਨੋਬਲ ਡਿੱਗ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਧੋਲਾ ਨੇ ਅਪਣੀ ਸ਼ਿਕਾਇਤ ਵਿਚ ਲਿਖਵਾਇਆ ਹੈ ਕਿ ਸਿਟੀ ਪੁਲਿਸ ਨੇ ਉਨ੍ਹਾਂ ਦੀ ਸਤਿ ਸ੍ਰੀ ਅਕਾਲ ਦਾ ਸਹੀ ਜਵਾਬ ਨਹੀ ਦਿੱਤਾ।