
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਵਿਚ ਉਹਨਾਂ ਕਿਹਾ ਕਿ ਮੈਂ ਬਹੁਤ ਅਫ਼ਸੋਸ ਅਤੇ ਭਰੇ ਮਨ ਨਾਲ ਮੈਂ ਅੱਧੀ ਸਦੀ ਪੁਰਾਣੀ ਸਾਂਝ ਤੋੜਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਗੁਲਾਮ ਨਬੀ ਆਜ਼ਾਦ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ। ਗੁਲਾਮ ਨਬੀ ਕਾਂਗਰਸ ਦੇ ਬਾਗੀ ਧੜੇ ਜੀ-23 ਦੇ ਮੈਂਬਰ ਸਨ। ਸੋਨੀਆ ਗਾਂਧੀ ਨੂੰ ਭੇਜੇ 5 ਪੰਨਿਆਂ ਦੇ ਅਸਤੀਫ਼ੇ ਵਿਚ ਉਹਨਾਂ ਨੇ ਰਾਹੁਲ ਗਾਂਧੀ ’ਤੇ ਵੀ ਹਮਲਾ ਬੋਲਿਆ ਹੈ। ਉਹਨਾਂ ਨੇ ਕਾਂਗਰਸ ਦੀ ਨਾਜ਼ੁਕ ਹਾਲਤ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਹਾਰ ਲਈ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਆਜ਼ਾਦ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ 'ਚ ਲਿਖਿਆ ਕਿ ਵਿਦਿਆਰਥੀ ਜੀਵਨ ਦੌਰਾਨ ਉਹ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਸੁਭਾਸ਼ ਚੰਦਰ ਬੋਸ ਅਤੇ ਹੋਰ ਆਜ਼ਾਦੀ ਘੁਲਾਟੀਆਂ ਤੋਂ ਪ੍ਰਭਾਵਿਤ ਸਨ। ਉਹਨਾਂ ਕਿਹਾ ਕਿ ਸੰਜੇ ਗਾਂਧੀ ਦੇ ਜ਼ੋਰ ਪਾਉਣ 'ਤੇ 1975-76 'ਚ ਉਹਨਾਂ ਨੇ ਜੰਮੂ-ਕਸ਼ਮੀਰ ਯੂਥ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਆਜ਼ਾਦ ਨੇ ਲਿਖਿਆ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਸਵਾਰਥ ਦੇ ਦਹਾਕਿਆਂ ਤੱਕ ਪਾਰਟੀ ਦੀ ਸੇਵਾ ਕੀਤੀ ਹੈ।
ਸੋਨੀਆ ਨੂੰ ਲਿਖੇ ਪੱਤਰ 'ਚ ਆਜ਼ਾਦ ਨੇ ਕਿਹਾ ਕਿ ਪਾਰਟੀ ਤੁਹਾਡੀ ਅਗਵਾਈ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਪਰ ਬਦਕਿਸਮਤੀ ਨਾਲ ਰਾਹੁਲ ਗਾਂਧੀ ਦੇ ਪਾਰਟੀ ਵਿਚ ਦਾਖਲੇ ਤੋਂ ਬਾਅਦ ਖਾਸ ਤੌਰ 'ਤੇ 2013 ਤੋਂ ਬਾਅਦ ਜਦੋਂ ਤੁਸੀਂ ਰਾਹੁਲ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ, ਉਹਨਾਂ ਨੇ ਪਾਰਟੀ ਵਿਚ ਗੱਲਬਾਤ ਦਾ ਸਾਰਾ ਖਾਕਾ ਤਬਾਹ ਕਰ ਦਿੱਤਾ ਹੈ। ਉਹਨਾਂ ਅੱਗੇ ਲਿਖਿਆ ਕਿ ਸਾਰੇ ਸੀਨੀਅਰ ਅਤੇ ਤਜ਼ੁਰਬੇਕਾਰ ਨੇਤਾਵਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ।