
ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਪਿਛਲੀ ਭਾਜਪਾ ਸਰਕਾਰ ਦੀ ਜਾਂਚ ਦੀ ਮੰਗ
ਰਾਏਪੁਰ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਹ ਦਾਅਵਾ ਕੀਤਾ ਹੈ ਕਿ ਰਮਨ ਸਿੰਘ ਦੀ ਅਗਵਾਈ ਵਾਲੀ ਪਿਛਲੀ ਭਾਜਪਾ ਸਰਕਾਰ ਵਲੋਂ ਸੂਬੇ ’ਚ ਖੁੱਲ੍ਹੇ ’ਚ ਮਲ ਤਿਆਗ ਕਰਨ (ਓ.ਡੀ.ਐਫ਼.) ਐਲਾਨ ਕੀਤੇ ਜਾਣ ਦੇ ਬਾਵਜੂਦ ਸੂਬੇ ਅੰਦਰ 15 ਲੱਖ ਤੋਂ ਵੱਧ ਪ੍ਰਵਾਰਾਂ ਕੋਲ ਪਖਾਨੇ ਨਹੀਂ ਹਨ। ਜਨਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਦਸਿਆ ਕਿ ਬਘੇਲ ਨੇ ਅਪਣੀ ਚਿੱਠੀ ’ਚ ਇਸ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਬਘੇਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਇਸ ਬਾਬਤ ਚਿੰਤਾ ਪ੍ਰਗਟਾਈ ਹੈ ਅਤੇ ਸਾਧਨਹੀਣ ਪ੍ਰਵਾਰਾਂ ਨੂੰ ਇਹ ਲਾਭ ਮੁਹਈਆ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਘੇਲ ਨੇ ਪਖਾਨਾ ਬਣਾਉਣ ਦੀ ਰਕਮ 12 ਹਜ਼ਾਰ ਰੁਪਏ ਪ੍ਰਤੀ ਪ੍ਰਵਾਰ ਤੋਂ ਵਧਾ ਕੇ 30 ਹਜ਼ਾਰ ਰੁਪਏ ਕਰਨ ਦੀ ਵੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਸੂਬੇ ਦਾ ਬਕਾਇਆ ਛੇ ਹਜ਼ਾਰ ਕਰੋੜ ਰੁਪਏ ਦੇਣ ਦੀ ਮੰਗ ਵੀ ਕੀਤੀ ਹੈ। ਜਨਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਬਕਾਇਆ ਦੇਣਦਾਰੀਆਂ ਵਲ ਧਿਆਨ ਦਿਵਾਇਆ ਹੈ।