
ਭਾਜਪਾ ਦੀ ਨਜ਼ਰ ਕਾਂਗਰਸ ਉਮੀਦਵਾਰਾਂ ਦੇ ਐਲਾਨ ’ਤੇ ਟਿਕੀ
ਚੰਡੀਗੜ੍ਹ (ਭੁੱਲਰ) : ਪੰਜਾਬ ’ਚ ਲੋਕ ਸਭਾ ਚੋਣਾਂ ਲਈ ‘ਆਪ’ ਨੇ ਸਾਰੀਆਂ 13 ਸੀਟਾਂ ਉਪਰ ਉਮੀਦਵਾਰ ਐਲਾਨ ਕੇ ਚੋਣ ਮੁਹਿੰਮ ਤੇਜ਼ ਕਰ ਦਿਤੀ ਹੈ ਅਤੇ ਅਕਾਲੀ ਦਲ ਵੀ ਖਡੂਰ ਸਾਹਿਬ ਨੂੰ ਛੱਡ ਕੇ ਬਾਕੀ ਸਾਰੀਆਂ 12 ਸੀਟਾਂ ਉਪਰ ਉਮੀਦਵਾਰ ਉਤਾਰ ਕੇ ਚੋਣ ਮੁਹਿੰਮ ’ਚ ਉਤਰ ਚੁੱਕਾ ਹੈ ਪਰ ਕਾਂਗਰਸ ਅਤੇ ਭਾਜਪਾ ਨੇ ਹਾਲੇ ਸਾਰੀਆਂ ਸੀਟਾਂ ਉਪਰ ਉਮੀਦਵਾਰ ਨਹੀਂ ਐਲਾਨੇ।
ਭਾਵੇਂ ਭਾਜਪਾ ਤਾਂ ਵੱਡੇ ਚਿਹਰਿਆਂ ਦੀ ਭਾਲ ਕਾਰਨ ਹਾਲੇ ਕਾਂਗਰਸ ਦੇ ਬਾਕੀ ਰਹਿੰਦੇ ਉਮੀਦਵਾਰਾਂ ਦੇ ਐਲਾਨ ’ਤੇ ਨਜ਼ਰ ਟਿਕਾਈ ਬੈਠੀ ਹਨ ਪਰ ਕਾਂਗਰਸ ’ਚ ਅੰਦਰੂਨੀ ਕਲੇਸ਼ ਅਤੇ ਬਾਕੀ ਰਹਿੰਦੇ ਹਲਕਿਆਂ ’ਚ ਕਈ-ਕਈ ਦਾਅਵੇਦਾਰੀਆਂ ਕਾਰਨ ਪੇਚ ਫਸਿਆ ਹੋਇਆ ਹੈ। ਲੁਧਿਆਣਾ ਲੋਕ ਸਭਾ ਹਲਕੇ ’ਚ ਸਥਿਤੀ ਜ਼ਿਆਦਾ ਉਲਝ ਰਹੀ ਹੈ ਕਿਉਂਕਿ ਰਵਨੀਤ ਬਿੱਟੂ ਦੇ ਭਾਜਪਾ ’ਚ ਚਲੇ ਜਾਣ ਬਾਅਦ ਦਾਅਵੇਦਾਰਾਂ ਦੇ ਨਾਵਾਂ ਦੀ ਗਿਣਤੀ ਵੱਧ ਰਹੀ ਹੈ।
ਭਾਰਤ ਭੂਸ਼ਣ ਆਸ਼ੂ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਉਸ ਤੋਂ ਬਾਅਦ ਪਾਰਟੀ ਵਲੋਂ ਸ਼ੁਰੂ ਕੀਤੀ ਹੋਰ ਮਜ਼ਬੂਤ ਉਮੀਦਵਾਰਾਂ ਦੀ ਭਾਲ ਬਾਅਦ ਬੇਅੰਤ ਸਿੰਘ ਪ੍ਰਵਾਰ ’ਚੋਂ ਗੁਰਕੀਰਤ ਸਿੰਘ ਕੋਟਲੀ ਦੇ ਨਾਂ ਦੀ ਚਰਚਾ ਸ਼ੁਰੂ ਹੋਈ। ਕਾਂਗਰਸ ਦੇ ਸ਼ਹਿਰੀ ਆਗੂ ਸੰਜੇ ਤਲਵਾੜ ਅਤੇ ਸਾਬਕਾ ਵਿਧਾਇਕ ਦਰਸ਼ਨ ਬਰਾੜ ਦੇ ਬੇਟੇ ਕਮਲਜੀਤ ਬਰਾੜ ਤੋਂ ਬਾਅਦ ਹੁਣ ‘ਆਪ’ ਛੱਡਣ ਵਾਲੇ ਸਾਬਕਾ ਵਿਧਾਇਕ ਜੱਸੀ ਘੰਗੂੜਾ ਦਾ ਨਾਂ ਵੀ ਚਰਚਾ ’ਚ ਹੈ।
ਰਾਈਕਮਾਨ ਲਈ ਮੁਸ਼ਕਲ ਹੈ ਕਿ ਕਿਸ ਨੂੰ ਖੜਾ ਕੀਤਾ ਜਾਵੇ ਕਿਉਂਕਿ ਬਾਕੀ ਦਾਅਵੇਦਾਰ ਵੀ ਘੱਟ ਨਹੀਂ ਤੇ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਇਸੇ ਤਰ੍ਹਾਂ ਗੁਰਦਾਸਪੁਰ ਹਲਕੇ ’ਚ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਬਰਿੰਦਰਮੀਤ ਸਿੰਘ ਪਾਹੜਾ, ਤ੍ਰਿਪਤ ਰਜਿੰਦਰ ਬਾਜਵਾ ਦੇ ਨਾਂ ਚਰਚਾ ’ਚ ਹਨ ਪਰ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਵੀ ਬੋਲਣ ਲੱਗ ਪਿਆ ਹੈ।
ਇਸੇ ਤਰ੍ਹਾਂ ਫ਼ਿਰੋਜ਼ਪੁਰ ਹਲਕੇ ’ਚ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਰਮਿੰਦਰ ਆਵਲਾ, ਵੜਿੰਗ ਪ੍ਰਵਾਰ ਤੇ ਹੁਣ ਹੋਰ ਦਾਅਵੇਦਾਰ ਹਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਹਾਈਕਮਾਨ ਰਾਣਾ ਗੁਰਜੀਤ ਦੇ ਨਾਂ ’ਤੇ ਵਿਚਾਰ ਕਰ ਰਹੀ ਹੈ ਪਰ ਇਥੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਤੇ ਬਲਬੀਰ ਸਿੱਧੂ ਵੀ ਮਜਬੂਤ ਦਾਅਵੇਦਾਰ ਹਨ, ਜਿਸ ਕਰ ਕੇ ਹਾਈ ਕਮਾਨ ਨੂੰ ਫ਼ੈਸਲਾ ਲੈਣ ’ਚ ਮੁਸ਼ਕਲ ਆ ਰਹੀ ਹੈ।