
ਭਾਜਪਾ ਦੀ ਭਾਸ਼ਾ ਬੋਲਣ ਵਾਲੇ ਕੈਪਟਨ ਨੂੰ ਕਿਉਂ ਨਹੀਂ ਕੱਢ ਰਹੀ ਕਾਂਗਰਸ
ਬੋਲੇ, ਕਾਂਗਰਸ ਹਾਈਕਮਾਂਡ ਕਿਉਂ ਚੁੱਪ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਨਵੀਂ ਪਾਰਟੀ ਬਣਾਉਣ ਅਤੇ ਪੰਜਾਬ ਵਿੱਚ ਬੀ.ਐਸ.ਐਫ ਦੇ ਅਧਿਕਾਰ ਖੇਤਰ ਦੇ ਵਾਧੇ ਦਾ ਸਮਰਥਨ ਕਰਨ ਦੇ ਐਲਾਨ ’ਤੇ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਾਂਗਰਸ ਪਾਰਟੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਭਾਸ਼ਾ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਾਂਗਰਸ ਹਾਈਕਮਾਂਡ ਕਿਉਂ ਚੁੱਪ ਹੈ? ਕਾਂਗਰਸ ਪਾਰਟੀ ਕੈਪਟਨ ਨੂੰ ਪਾਰਟੀ ਵਿਚੋਂ ਕਿਉਂ ਬਾਹਰ ਨਹੀਂ ਕਰ ਰਹੀ?
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿਚ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜੋ ਅੱਜ ਭਾਜਪਾ ਦੇ ਪੱਖ ਵਿੱਚ ਬੋਲ ਰਹੇ ਹਨ, ਉਹ ਇਹ ਸਭ ਕੁੱਝ ਕਾਂਗਰਸ ਦੀ ਸਹਿਮਤੀ ਨਾਲ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਅਤੇ ਭਾਜਪਾ ਦੇ ਦੋਹਰੇ ਮਾਪਦੰਡ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਮਿਲੀਭੁਗਤ ਨਾਲ ਕੰਮ ਕਰ ਰਹੀਆਂ ਹਨ ਅਤੇ ਅਕਾਲੀ ਦਲ ਬਾਦਲ ਵੀ ਇਸੇ ਸਮੂਹ ਦਾ ਹਿੱਸਾ ਹੈ।
aap
ਜਰਨੈਲ ਸਿੰਘ ਨੇ ਕੈਪਟਨ ’ਤੇ ਟਿੱਪਣੀ ਕਰਦਿਆਂ ਕਿਹਾ, ‘‘ ਕੈਪਟਨ ਜਿਹੜੀ ਵੀ ਪਾਰਟੀ ਬਣਾਏਗਾ, ਉਹ ਪੰਜਾਬ ਦਾ ਵਿਕਾਸ ਨਹੀਂ, ਵਿਨਾਸ਼ ਹੋਵੇਗਾ। ਪੰਜਾਬ ਦੇ ਲੋਕਾਂ ਨੇ ਸਾਢੇ ਚਾਰ ਸਾਲ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਅਤੇ ਕੰਮਾਂ ਨੂੰ ਦੇਖ ਲਿਆ ਹੈ, ਤਾਂ ਹੀ ਤਾਂ ਅੱਜ ਕੈਪਟਨ ਸੱਤਾ ਤੋਂ ਬਾਹਰ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ਦੀ ਬਰਬਾਦੀ ਦੀ ਜ਼ਿੰਮੇਵਾਰੀ ਕਾਂਗਰਸ ਕੈਪਟਨ ’ਤੇ ਨਹੀਂ ਪਾ ਸਕਦੀ , ਕਿਉਂਕਿ ਇਸ ਦੇ ਲਈ ਕਾਂਗਰਸ ਖ਼ੁਦ ਵੀ ਓਨੀ ਹੀ ਜ਼ਿੰਮੇਵਾਰ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਂ ’ਤੇ ਰਾਜਨੀਤਿਕ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਸ ਦਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕੈਪਟਨ ਤਾਂ ਅੱਜ ਤੱਕ ਕਿਸਾਨਾਂ ਨੂੰ ਮਿਲੇ ਵੀ ਨਹੀਂ ਅਤੇ ਉਸ ਦਾ ਰਿਸ਼ਤਾ ਸਿਰਫ਼ ਮੋਦੀ ਅਤੇ ਅਮਿਤ ਸ਼ਾਹ ਨਾਲ ਹੈ, ਜਿਨ੍ਹਾਂ ਦੇ ਹੁਕਮਾਂ ’ਤੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੌਰਾਨ ਕੈਪਟਨ ਸਭ ਕੁੱਝ ਪੰਜਾਬ ਤੇ ਕਿਸਾਨ ਵਿਰੋਧੀ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੰਮੇ ਸਮੇਂ ਤੋਂ ਕਹਿ ਰਹੀ ਸੀ ਕਿ ਕੈਪਟਨ ਮੋਦੀ ਅਤੇ ਕੇਂਦਰ ਸਰਕਾਰ ਨਾਲ ਮਿਲੀਭੁਗਤ ਨਾਲ ਕੰਮ ਕਰ ਰਿਹਾ ਅਤੇ ਉਨ੍ਹਾਂ ਦੇ ਹੁਕਮਾਂ ਦ’ਤੇ ਚੱਲਦਾ, ਜੋ ਅੱਜ ਸਭ ਕੁੱਝ ਸੱਚ ਸਾਬਤ ਹੋ ਗਿਆ ਹੈ। ਜਰਨੈਲ ਸਿੰਘ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀ.ਐਸ.ਐਫ ਦਾ ਅਧਿਕਾਰ ਖੇਤਰ ਵਧਾਉਣ ਦੀ ਹਿਮਾਇਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਬਣੇ ਹੋਏ ਹਨ।
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 28 ਅਕਤੂਬਰ ਨੂੰ ਦੋ ਦਿਨਾਂ ਦੌਰੇ ’ਤੇ ਆਉਣਗੇ ਪੰਜਾਬ
ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਦੋ ਦਿਨਾਂ ਦੌਰੇ ’ਤੇ ਪੰਜਾਬ ਆਉਣਗੇ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਰੇਲ ਗੱਡੀ ਰਾਹੀਂ ਸੰਗਰੂਰ ਪਹੁੰਚਣਗੇ ਅਤੇ ‘ਸੰਵਾਦ ਪ੍ਰੋਗਰਾਮ’ ਦੇ ਤਹਿਤ ਮਾਨਸਾ ਵਿਚ ਕਿਸਾਨਾਂ ਨਾਲ ਬੈਠਕ ਕਰਨਗੇ ਅਤੇ 29 ਅਕਤੂਬਰ ਨੂੰ ਬਠਿੰਡਾ ਵਿਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਬੈਠਕ ਕਰਨਗੇ। ਕੇਜਰੀਵਾਲ ਕਿਸਾਨਾਂ, ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਸ਼ਿਕਾਇਤਾਂ ’ਤੇ ਵੀ ਚਰਚਾ ਕਰਨਗੇ। ਜਰਨੈਲ ਸਿੰਘ ਨੇ ਕਿਹਾ ‘ਆਪ’ ਇਨ੍ਹਾਂ ਬੈਠਕਾਂ ਰਾਹੀਂ ਇੱਕ ਵਿਆਪਕ ਰੋਡਮੈਪ ਤਿਆਰ ਕਰ ਰਹੀ ਹੈ, ਜਿਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ।