Punjab News: ਮਨਪ੍ਰੀਤ ਸਿੰਘ ਬਾਦਲ ਇਸ ਵਾਰ ਅਕਾਲੀ ਨਹੀਂ ਬਲਕਿ ਭਾਜਪਾ ਵਲੋਂ ਲੜ ਰਹੇ ਹਨ ਚੋਣ
ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਪੰਥਕ ਹਲਕਿਆਂ ਵਿਚ ਛਿੜੇ ਵਿਵਾਦ ਦਾ ਜੇਕਰ ਜ਼ਿਕਰ ਨਾ ਵੀ ਕਰਨਾ ਹੋਵੇ ਤਾਂ ਗਿੱਦੜਬਾਹਾ ਤੋਂ ਗਿੱਦੜਬਾਹਾ ਤਕ ਦਾ 30 ਸਾਲ ਦੇ ਉਸ ਸਫ਼ਰ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਮਹਿਜ਼ 30 ਸਾਲਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਅਕਾਲੀ ਦਲ ਬਣੀ ਇਸ ਪਾਰਟੀ ਨੇ ਸਮੁੱਚੇ ਅਕਾਲੀਆਂ ਨੂੰ ਹੀ ਹਾਸ਼ੀਏ ’ਤੇ ਸੁੱਟ ਦਿਤਾ।
ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਸਾਲ 1975 ਦੀ ਐਮਰਜੈਂਸੀ ਦੌਰਾਨ ਅਕਾਲੀ ਦਲ ਨੇ ਦੇਸ਼ ਭਰ ਵਿਚੋਂ ਮੋਹਰੀ ਰੋਲ ਨਿਭਾਉਂਦਿਆਂ ਵਿਰੋਧ ਕੀਤਾ ਤਾਂ ਅਕਾਲੀ ਦਲ ਦੀ ਸ਼ਾਖ ਵਧਣੀ ਸੁਭਾਵਕ ਸੀ, ਅਕਾਲੀ ਦਲ ਦੇ ਸੰਘਰਸ਼ ਦੀ ਪ੍ਰਸ਼ੰਸਾ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਪੰਜਾਬੀਆਂ ਨੇ ਕੀਤੀ, ਉਸ ਤੋਂ ਬਾਅਦ ਬਾਦਲ-ਟੋਹੜਾ-ਤਲਵੰਡੀ, ਬਾਦਲ-ਟੋਹੜਾ-ਲੋਂਗੋਵਾਲ, ਬਾਦਲ-ਟੋਹੜਾ-ਬਰਨਾਲਾ ਆਦਿ ਅਕਾਲੀ ਆਗੂਆਂ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਪਰ ਹੁਣ ਅਕਾਲੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਜਰਨੈਲ ਆਖ ਕੇ ਪੰਜਾਬ ਵਿਚ ਹੋਣ ਜਾ ਰਹੀਆਂ ਚਾਰ ਜ਼ਿਮਨੀ ਚੋਣਾਂ ਲੜਨ ਤੋਂ ਕਿਨਾਰਾਕਸ਼ੀ ਕਰ ਲਈ ਹੈ।
ਬਾਦਲ ਦਲ ਦੇ ਆਗੂ ਸੁਖਬੀਰ ਨੂੰ ਹੀ ਅਕਾਲੀ ਦਲ ਦਰਸਾ ਰਹੇ ਹਨ ਪਰ ਵਿਰੋਧੀਆਂ ਨੇ ਵਿਅੰਗ ਕਸਿਆ ਹੈ ਕਿ 105 ਸਾਲ ਪੁਰਾਣੀ ਪਾਰਟੀ ਅਜੇ ਤੱਕ ਦੂਜਾ ਜਰਨੈਲ ਵੀ ਪੈਦਾ ਨਹੀਂ ਕਰ ਸਕੀ ਤਾਂ ਇਸ ਵਿਚ ਆਖਰ ਕਸੂਰਵਾਰ ਕੌਣ ਹੈ? ਅੱਜ ਤੋਂ ਕਰੀਬ 30 ਸਾਲਾਂ ਪਹਿਲਾਂ 1995 ਵਿਚ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ‘ਜ਼ਿਮਨੀ ਚੋਣ’ ਵਿਚ ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ, ਸਾਰੀ ਸਰਕਾਰੀ ਮਸ਼ੀਨਰੀ ਗਿੱਦੜਬਾਹਾ ਵਿਖੇ ਮੌਜੂਦ ਰਹੀ, ਚੰਡੀਗੜ੍ਹ ਵਾਲਾ ਮੁੱਖ ਮੰਤਰੀ ਦਾ ਆਰਜ਼ੀ ਦਫ਼ਤਰ ਗਿੱਦੜਬਾਹਾ ਵਿਖੇ ਬਣਾ ਦਿਤਾ ਗਿਆ।
ਫਸਵੀਂ ਟੱਕਰ ਵਿਚ ਮਨਪ੍ਰੀਤ ਸਿੰਘ ਬਾਦਲ ਜਿੱਤ ਗਿਆ, ਪੰਜਾਬ ਵਿਚ ਅਕਾਲੀ ਦਲ ਅਤੇ ਬਾਦਲ ਪ੍ਰਵਾਰ ਦੀ ਤੂਤੀ ਵੱਜਣ ਲੱਗ ਪਈ, ਉਸ ਚੋਣ ਮਗਰੋਂ 1997, 2007, 2012 ਵਿਚ ਤਿੰਨ ਵਾਰ ਬਾਦਲ ਸਰਕਾਰ ਹੋਂਦ ਵਿਚ ਆਈ ਪਰ ਅੱਜ ਲਗਭਗ 30 ਸਾਲ ਬਾਅਦ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਦੇ ਨਾਲ ਉਹੀ ‘ਗਿੱਦੜਬਾਹਾ’ ਦੀ ਜ਼ਿਮਨੀ ਚੋਣ ਆਉਂਦੀ ਹੈ ਤਾਂ ਬਾਦਲ ਪ੍ਰਵਾਰ ਦੀ ਅਗਵਾਈ ਵਾਲਾ ਅਕਾਲੀ ਦਲ ਗਿੱਦੜਬਾਹਾ ਸਮੇਤ ਬਾਕੀ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਤੋਂ ਜਵਾਬ ਦੇ ਜਾਂਦਾ ਹੈ, ਲਗਭਗ 30 ਸਾਲ ਪਹਿਲਾਂ ਦੇ ਸਮੇਂ ਅਕਾਲੀ ਦਲ ਦੀ ਚੜ੍ਹਾਈ ਦਾ ਜਾਮਨ ਬਣਿਆ ਗਿੱਦੜਬਾਹਾ ਅੱਜ ਅਕਾਲੀ ਦਲ ਦੀ ਖੋਖਲੀ ਸਾਖ਼ ਦੀ ਗਵਾਹੀ ਭਰਦਾ ਨਜ਼ਰ ਆ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਹੁਣ ਭਾਜਪਾ ਦਾ ਉਮੀਦਵਾਰ ਹੈ ਅਤੇ ਅਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੀ ਵੱਖ-ਵੱਖ ਮੰਚਾਂ ’ਤੇ ਹਾਜ਼ਰੀ ਲਵਾ ਰਿਹਾ ਹੈ ਪਰ ਬਾਦਲ ਪ੍ਰਵਾਰ ਨੇ ਗਿੱਦੜਬਾਹਾ ਤੋਂ ਦੂਰੀ ਬਣਾ ਕੇ ਅਜੇ ਭੇਦਭਰੀ ਚੁੱਪੀ ਧਾਰੀ ਹੋਈ ਹੈ।