
ਹਲਕੇ ਦੇ ਦੋ ਵੱਖ-ਵੱਖ ਪਿੰਡਾਂ ਵਿਚ ਬੀਤੀ ਰਾਤ ਦੋ ਨੌਜਵਾਨ ਕਿਸਾਨਾਂ ਵਲੋਂ ਆਤਮ ਹਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਨਜ਼ਦੀਕ ਪਿੰਡ ਟਾਹਲੀਆਂ ਦੇ ਕਰਜ਼ੇ ਦੇ
ਬੁਢਲਾਡਾ, 7 ਅਗੱਸਤ (ਤਰਸੇਮ ਸ਼ਰਮਾ) : ਹਲਕੇ ਦੇ ਦੋ ਵੱਖ-ਵੱਖ ਪਿੰਡਾਂ ਵਿਚ ਬੀਤੀ ਰਾਤ ਦੋ ਨੌਜਵਾਨ ਕਿਸਾਨਾਂ ਵਲੋਂ ਆਤਮ ਹਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਨਜ਼ਦੀਕ ਪਿੰਡ ਟਾਹਲੀਆਂ ਦੇ ਕਰਜ਼ੇ ਦੇ ਭਾਰ ਹੇਠ ਦਬੇ ਨੌਜਵਾਨ ਕਿਸਾਨ ਗੁਰਪਿਆਰ ਸਿੰਘ ਪੁੱਤਰ ਜਗਦੇਵ ਸਿੰਘ ਨੇ ਜ਼ਹਿਰਲੀ ਚੀਜ਼ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਕਿਸਾਨ ਦੇ ਸਿਰ ਆੜ੍ਹਤੀਏ, ਬੈਂਕ, ਸੋਸਾਇਟੀ ਅਤੇ ਰਿਸ਼ਤੇਦਾਰਾਂ ਦੇ 10 ਲੱਖ ਰੁਪਏ ਦਾ ਕਰਜ਼ ਸੀ। ਉਹ ਡੇਢ ਏਕੜ ਜ਼ਮੀਨ ਹੋਣ ਕਾਰਨ ਕਰਜ਼ਾ ਉਤਾਰਨ ਤੋਂ ਅਸਮਰਥ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਅਪਣੇ ਘਰ ਵਿਚ ਗੁਮਸੁਮ ਰਹਿਦਾ ਸੀ। ਮ੍ਰਿਤਕ ਦੇ ਪਿਤਾ ਜਗੇਦਵ ਸਿੰਘ ਨੇ ਦਸਿਆ ਕਿ ਉੁਸ ਦਾ ਪੁੱਤਰ ਕਰਜ਼ੇ ਦਾ ਬੋਝ ਅਪਣੇ ਦਿਲ 'ਤੇ ਲਾ ਬੈਠਾ ਸੀ ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਧਾਰਾ 174 ਅਧੀਨ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿਤੀ।
ਇਸੇ ਤਰ੍ਹਾਂ ਨੇੜਲੇ ਪਿੰਡ ਰੰਘੜਿਆਲ ਵਿਖੇ ਵੀ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ਨੇ ਵੀ ਅਪਣੇ ਖੇਤ ਵਿਚ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈੇ। ਇਸ ਕਿਸਾਨ ਉਪਰ ਵੀ ਬੈਂਕ, ਆੜ੍ਹਤੀ ਅਤੇ ਸੋਸਾਇਟੀ ਦਾ 5 ਲੱਖ ਦਾ ਕਰਜ਼ਾ ਸੀ। ਉਸ ਕੋਲ ਸਿਰਫ਼ 3 ਏਕੜ ਜ਼ਮੀਨ ਸੀ ਜਿਸ ਵਿਚੋਂ ਡੇਢ ਏਕੜ ਦੇ ਕਰੀਬ ਗਹਿਣੇ ਸੀ ਅਤੇ ਜੋ ਹੁਣ ਬਾਕੀ ਜ਼ਮੀਨ 'ਤੇ ਖੇਤੀ ਕਰ ਰਿਹਾ ਸੀ। ਜਿਸ ਨਾਲ ਕਰਜ਼ੇ ਦਾ ਭਾਰ ਦਿਨੋ-ਦਿਨ ਵੱਧ ਰਿਹਾ ਸੀ। ਪੁਲਿਸ ਨੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿਤੀ।
ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਗਾ ਨੇ ਖੁਦਕੁਸ਼ੀਆਂ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਪੀੜਤ ਕਿਸਾਨਾਂ ਦੇ ਪਰਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਯੂਨੀਅਨ ਦੇ ਆਗੂ ਜ਼ੋਗਿੰਦਰ ਸਿੰਘ ਦਿਆਲਪੁਰਾ, ਗੁਰਜੀਤ ਸਿੰਘ ਟਾਹਲੀਆਂ, ਦਰਸ਼ਨ ਸਿੰਘ ਗੁਰਨੇ ਕਲਾ ਆਦਿ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਕਾਰਨ ਸਰਕਾਰਾਂ ਦੀਆਂ ਗਲਤ ਯੋਜਨਾਵਾਂ ਹਨ।