
ਹਰ ਸਾਲ ਦੀ ਤਰ੍ਹਾਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਤੇ..
ਅੰਮ੍ਰਿਤਸਰ, 7 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਹਰ ਸਾਲ ਦੀ ਤਰ੍ਹਾਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। 'ਸਾਚਾ ਗੁਰੂ ਲਾਧੋ ਰੇ' ਨੂੰ ਸਮਰਪਤ ਬੀਤੇ ਦਿਨ ਤੋਂ ਆਰੰਭ ਹੋਏ ਇਸ ਜੋੜ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਸਜੇ ਦੀਵਾਨਾਂ ਵਿਚ ਸਿੱਖ ਕੌਮ ਦੇ ਮਹਾਨ ਰਾਗੀ, ਢਾਡੀ, ਕਵੀਸ਼ਰ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਅਤੇ ਸਿੱਖ ਇਤਿਹਾਸ ਨਾਲ ਸੰਗਤ ਨੂੰ ਜੋੜਿਆ।
ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਨਾਲ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਗੁ. ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ 10 ਸਤੰਬਰ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਸ਼ਾਲ ਪੱਧਰ ਤੇ ਮਨਾਈ ਜਾਵੇਗੀ।
ਇਸ ਤੋਂ ਪਹਿਲਾਂ ਪ੍ਰੋ ਬਡੂੰਗਰ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਏ ਜਿਥੇ ਉਨ੍ਹਾਂ ਨੂੰ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਅਮਰਜੀਤ ਸਿੰਘ ਚਾਵਲਾ ਵੀ ਗੁਰੂ ਘਰ ਨਤਮਸਤਕ ਹੋਏ।