
ਚੰਨ 'ਤੇ ਟਿਕੀ ਚੌਧਰੀਆਂ ਦੀ ਚੌਧਰ
LoK Sabha Election 2024: ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ) - ਕੀ ਹੁਣ ਉਹ ਬੇਸ਼ਰਮ ਹੋ ਗਏ ਹਨ, ਜੋ ਕੱਲ ਤੱਕ ਸੁਸ਼ੀਲ ਤੇ ਸ਼ੀਤਲ ਸਨ, ਪੰਜਾਬ ਦੀ ਸਿਆਸਤ ਨੂੰ ਕਲੰਦਰ ਇਸ ਵਾਰ ਜਲੰਧਰ ਬਣਾ ਰਿਹਾ ਹੈ, ਜੇਕਰ ਹੰਸ ਉਡਾਰੀ ਨਹੀਂ ਭਰ ਰਿਹਾ ਪਰ ਇਹ ਕਹਿਣਾ ਵੀ ਸੌਖਾ ਨਹੀਂ ਕਿ ਕਾਂ ਵੀ ਆਪਣੇ ਬਨੇਰੇ ਨਹੀਂ ਬਦਲਣਗੇ, ਕੀ ਪਤਾ ਕਿਹੜਾ ਕਾਸਦ ਕਦੋਂ ਕਿਹੜੀ ਉਡਾਰੀ ਭਰ ਜਾਵੇ, ਖੇਡ ਸਾਰੀ ਚੌਧਰ ਦੀ ਹੈ ਪਰ ਚੌਧਰੀਆਂ ਦਾ ਵੀ ਕੀ ਵਸਾਹ ਖੈਰ ਗੱਲ ਹਾਲੇ ਚੰਨ ਦੀ ਚਕੋਰ ਉੱਤੇ ਵੀ ਟਿਕੀ ਹੋਈ ਹੈ।
ਸਵਾਲ ਸੂਤਰਧਾਰ ਦਾ ਹੈ ਸ਼ਤਰੰਜ ਦੇ ਸ਼ੌਂਕੀਂ ਸ਼ਾਂਤੀ ਨਾਲ਼ ਚੱਲਦੇ ਨੇ ਭਾਵੇਂ ਦਿੱਲੀ ਦਰਬਾਨ ਨੇ ਚੱਲਦੀ ਬੱਸ ਦਾ ਡਰਾਇਵਰ ਬਦਲ ਦਿੱਤਾ ਸੀ ਪਰ ਉਹ ਡਰਾਇਵਰੀ ਤਾਂ ਨਹੀਂ ਭੁੱਲਿਆ, ਉੱਜੜੇ ਬਾਗਾਂ ਦੇ ਮਾਲੀ ਮੁਲਕ ਤੇ ਪੰਜਾਬ ਬਚਾਉਣ ਲਈ ਸਫ਼ਰਾਂ ਉੱਤੇ ਹਨ ਪਰ ਕੀ ਫਾਇਦਾ ਜੇ ਕੋਈ ਡੁੱਲੇ ਬੇਰ ਵੀ ਚੁੱਗ ਕੇ ਲੈ ਗਿਆ, ਦਾਅਵੇਦਾਰੀ ਦੇ ਦੌਰ 'ਚ ਚਿਹਰੇ ਅਜਿਹੇ ਵੀ ਹਨ ਜਿਹੜੇ ਅੱਖ ਬਚਾਉਂਦੇ ਫਿਰਦੇ ਨੇ, ਅਖੇ ਕੀ ਫ਼ਾਇਦਾ ਭਾਈ ਕੌਣ ਪੁੱਛਦੈ ਮੇਲੇ 'ਚ ਅਮਰੂਦਾਂ ਨੂੰ ਪਰ ਅਮਰੂਦ ਵੀ ਜਾਂਚ ਦੇ ਘੇਰੇ 'ਚ ਆ ਗਏ ਨੇ ਤੇ ਭੌਰੇ ਭੱਜਦੇ ਫਿਰ ਰਹੇ ਹਨ।
ਕੇਰਾਂ ਨਹੁੰ ਉੱਚੜ ਜਾਵੇ ਨਵਾਂ ਆਉਣ 'ਚ ਸਮਾਂ ਤਾਂ ਲੈਂਦਾ ਹੀ ਹੈ ਜੇਕਰ ਟੁੱਟੀ ਹੱਡੀ ਜੁੜ ਵੀ ਜਾਵੇ ਪਰ ਕਾਣ ਤਾਂ ਰਹਿੰਦੀ ਹੀ ਹੈ। ਕਰਜ਼ੇ ਦੀਆਂ ਪੰਡ ਬਹੁਤ ਭਾਰੀ ਹੋ ਗਈ ਹੈ ਭਾਰ ਵੰਡਾਉਣ ਲਈ ਹੋਰ ਹੱਥਾਂ ਦੀ ਵੀ ਲੋੜ ਹੈ, ਗੁਲਾਮੀ ਦੀ ਜੰਜ਼ੀਰਾਂ ਤੋੜਨ ਲਈ ਭਾਵੇਂ ਸਫ਼ਰ ਲੰਮੇਰਾ ਤੈਅ ਕਰਨਾ ਪਵੇ ਪਰ ਸਿਆਸੀ ਸੰਗਲ ਦਾ ਕੀ ਪਤਾ ਕਦੋਂ ਕਿਸ ਦੇ ਗਲ਼ ਪੈ ਜਾਣ।