
ਰਾਜਪਾਲ ਨੇ ਬਿੱਲਾਂ 'ਤੇ ਨਹੀਂ ਕੀਤੇ ਦਸਤਖ਼ਤ, ਸੈਸ਼ਨ ਨੂੰ ਵੀ ਦੱਸਿਆ ਸੀ ਗੈਰ-ਕਾਨੂੰਨੀ
Banwarilal Purohit And CM Bhagwant Mann: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿਚ ਵਿਸ਼ੇਸ਼ ਸੈਸ਼ਨ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ। ਇਹ ਦੂਜੀ ਵਾਰ ਹੈ ਜਦੋਂ ਪੰਜਾਬ ਸਰਕਾਰ ਨੇ ਰਾਜਪਾਲ ਖ਼ਿਲਾਫ਼ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਰਾਜਪਾਲ ਪੁਰੋਹਿਤ ਆਹਮੋ-ਸਾਹਮਣੇ ਹਨ।
ਇਸ ਮਾਮਲੇ ਦੀ ਸੁਣਵਾਈ SC 'ਚ ਭਲਕੇ ਯਾਨੀ ਸੋਮਵਾਰ ਨੂੰ ਹੋ ਸਕਦੀ ਹੈ। ਨਵੰਬਰ ਦੇ ਪਹਿਲੇ ਹਫ਼ਤੇ ਵਿਧਾਨ ਸਭਾ ਦੀ ਬੈਠਕ ਇੱਕ ਵਾਰ ਫਿਰ ਹੋਵੇਗੀ। ਸੀਐਮ ਮਾਨ ਨੇ ਕਿਹਾ- ਸਾਨੂੰ ਇਸ ਮੁੱਦੇ 'ਤੇ ਸਪੱਸ਼ਟਤਾ ਦੀ ਲੋੜ ਹੈ। ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਇੱਕ ਵੱਡਾ ਸੈਸ਼ਨ ਬੁਲਾਵਾਂਗੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ।
ਹਾਲ ਹੀ 'ਚ ਐੱਸਵਾਈਐੱਲ ਮੁੱਦੇ 'ਤੇ ਬੁਲਾਏ ਗਏ ਵਿਸ਼ੇਸ਼ ਸੈਸ਼ਨ 'ਚ ਦੋਵਾਂ ਵਿਚਾਲੇ ਤਣਾਅ ਕਾਰਨ ਪੰਜਾਬ 'ਚ ਬਣੇ ਮਾਹੌਲ 'ਤੇ ਚਰਚਾ ਕੀਤੀ ਗਈ। ਸਦਨ ਵਿਚ ਕੋਈ ਵੀ ਬਿੱਲ ਪਾਸ ਕੀਤੇ ਬਿਨਾਂ ਸੈਸ਼ਨ ਇੱਕ ਦਿਨ ਵਿਚ ਸਮਾਪਤ ਹੋ ਗਿਆ। ਦਰਅਸਲ, ਸਰਕਾਰ ਬਣਨ ਤੋਂ ਬਾਅਦ ਰਾਜਪਾਲ-ਸੀਐਮ ਵਿਵਾਦ ਸ਼ੁਰੂ ਹੋ ਗਿਆ ਸੀ। ਪਰ ਬਜਟ ਸੈਸ਼ਨ 2023 ਬੁਲਾਏ ਜਾਣ ਤੋਂ ਬਾਅਦ ਤਣਾਅ ਵਧਣ ਲੱਗਾ।
ਰਾਜਪਾਲ ਵੱਲੋਂ ਸੈਸ਼ਨ ਰੱਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਦੱਸ ਦਈਏ ਕਿ ਬੀਤੇ ਦਿਨ ਰਾਜਪਾਲ ਪੁਰੋਹਿਤ ਨੇ ਪੰਜਾਬ ਸਰਕਾਰ 'ਤੇ 6 ਫਾਈਲਾਂ ਪਾਸ ਨਾ ਕਰਨ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਸਿਆਸਤ ਹੋਰ ਤੇਜ਼ ਹੋ ਗਈ ਹੈ। ਦੱਸ ਦਈਏ ਕਿ ਬਜਟ ਸੈਸ਼ਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 19-20 ਜੂਨ ਨੂੰ ਸੈਸ਼ਨ ਵੀ ਬੁਲਾਇਆ ਗਿਆ ਹੈ। ਇਸ ਦੌਰਾਨ 6 ਬਿੱਲ ਪਾਸ ਕੀਤੇ ਗਏ। ਰਾਜਪਾਲ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਇੰਨਾ ਹੀ ਨਹੀਂ ਰਾਜਪਾਲ ਨੇ ਅਜੇ ਤੱਕ ਸੈਸ਼ਨ 'ਚ ਪਾਸ ਕੀਤੇ ਬਿੱਲਾਂ 'ਤੇ ਦਸਤਖ਼ਤ ਨਹੀਂ ਕੀਤੇ ਹਨ।