
ਯੂਪੀ ਦੇ ਸਰਕਾਰੀ ਰੀਕਾਰਡ ਵਿਚ ਅੰੇਬੇਦਕਰ ਹੋਏ 'ਭੀਮਰਾਉ ਰਾਮਜੀ ਅੰਬੇਦਕਰ', ਵਿਵਾਦ ਛਿੜਿਆ
ਯੂਪੀ ਦੇ ਸਰਕਾਰੀ ਰੀਕਾਰਡ ਵਿਚ ਬਾਬਾ ਸਾਹਿਬ ਭੀਮਰਾਉ ਅੰਬੇਦਕਰ ਦਾ ਨਾਮ ਹੁਣ 'ਭੀਮਰਾਉ ਰਾਮਜੀ ਅੰਬੇਦਕਰ' ਵਜੋਂ ਦਰਜ ਕੀਤਾ ਜਾਵੇਗਾ। ਰਾਜ ਸਰਕਾਰ ਨੇ ਇਸ ਸਬੰਧ ਵਿਚ ਹੁਕਮ ਜਾਰੀ ਕੀਤਾ ਹੈ। ਪ੍ਰਮੁੱਖ ਸਕੱਤਰ ਜਿਤੇਂਦਰ ਕੁਮਾਰ ਨੇ ਸੂਬੇ ਦੇ ਸਾਰੇ ਮੁੱਖ ਸਕੱਤਰਾਂ ਅਤੇ ਵਿਭਾਗ ਮੁਖੀਆਂ ਨੂੰ ਕਲ ਜਾਰੀ ਹੁਕਮ ਵਿਚ ਕਿਹਾ ਹੈ ਕਿ ਸੰਵਿਧਾਨ ਦੀ ਅਠਵੀਂ ਅਨੁਸੂਚੀ (ਅਨੁਛੇਦ 344 1 ਅਤੇ 351) ਭਾਸ਼ਾਵਾਂ ਵਿਚ ਦਰਜ ਨਾਮ ਦਾ ਨੋਟਿਸ ਲੈਂਦਿਆਂ ਵਿਚਾਰ-ਚਰਚਾ ਮਗਰੋਂ ਯੂਪੀ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਵਿਚ ਦਰਜ ਡਾਕਟਰ ਭੀਮਰਾਉ ਅੰਬੇਦਕਰ ਦਾ ਨਾਮ ਸੋਧ ਕੇ ਡਾ. ਭੀਮਰਾਉ ਰਾਮਜੀ ਅੰਬੇਦਕਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਾਰੇ ਅਧਿਕਾਰੀਆਂ ਨੂੰ ਆਪੋ-ਅਪਣੇ ਵਿਭਾਗ ਦੇ ਰੀਕਾਰਡ ਵਿਚ ਅੰਬੇਦਕਰ ਦਾ ਨਾਮ ਸੋਧ ਕੇ ਭੀਮਰਾਉ ਰਾਮਜੀ ਅੰਬੇਦਕਰ ਕਰਨ ਦੇ ਹੁਕਮ ਦਿਤੇ ਗਏ ਹਨ। ਹੁਕਮ ਦੀ ਕਾਪੀ ਰਾਜਪਾਲ ਰਾਮ ਨਾਇਕ ਦੇ ਪ੍ਰਮੁੱਖ ਸਕੱਤਰ, ਸਾਰੇ ਮੰਡਲਯੁਕਤਾਂ ਅਤੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਨਾਇਕ ਪਹਿਲਾਂ ਵੀ ਅੰਬੇਡਕਰ ਦੀ ਬਜਾਏ ਆਂਬੇਡਕਰ ਲਿਖਣ ਦੀ ਇਹ ਕਹਿੰਦਿਆਂ ਵਕਾਲਤ ਕਰ ਚੁਕੇ ਹਨ ਕਿ ਇਸ ਮਹਾਪੁਰਸ਼ ਨੇ ਸੰਵਿਧਾਨ ਦੇ ਦਸਤਾਵੇਜ਼ 'ਤੇ ਜਿਹੜੇ ਹਸਤਾਖਰ ਕੀਤੇ ਸਨ, ਉਨ੍ਹਾਂ ਵਿਚ ਅੰਬੇਦਕਰ ਦੀ ਬਜਾਏ ਆਂਬੇਦਕਰ ਹੀ ਲਿਖਿਆ ਸੀ।
Ambedkar
ਨਾਇਕ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਬਾਬਾ ਸਾਹਿਬ ਅੰਬੇਦਕਰ ਮਹਾਸਭਾ ਨੂੰ ਪੱਤਰ ਲਿਖ ਕੇ ਅਪਣੀ ਚਿੰਤਾ ਵੀ ਪ੍ਰਗਟ ਕੀਤੀ ਸੀ। ਸੂਬਾ ਸਰਕਾਰ ਦੇ ਬੁਲਾਰੇ ਸਿਧਾਰਥਨਾਥ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਵੇਖਣਾ ਚਾਹੀਦਾ ਹੈ ਕਿ ਉਨ੍ਹਾਂ ਅਠਵੀਂ ਅਨੁਸੂਚੀ ਵਿਚ ਅਪਣੇ ਹਸਤਾਖਰ ਕਿਵੇਂ ਕੀਤੇ ਹਨ। ਜਿਹੜਾ ਜਿਸ ਦਾ ਸਹੀ ਨਾਮ ਹੈ, ਉਸ ਸਹੀ ਨਾਮ ਨਾਲ ਹੀ ਲਿਖਿਆ ਕਰੋ। ਭਾਜਪਾ ਨੇ ਇਹੋ ਕੀਤਾ ਹੈ। ਸੂਬਾ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਸਰਕਾਰ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਦਲਿਤਾਂ ਦੀਆਂ ਵੋਟਾਂ ਦੇ ਲਾਲਚ ਵਿਚ ਅਪਣੇ ਦਿਲ 'ਤੇ ਪੱਥਰ ਰੱਖ ਕੇ ਅੰਬੇਦਕਰ ਦਾ ਨਾਮ ਲੈਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਨਾਮ 'ਤੇ ਤਰ੍ਹਾਂ ਤਰ੍ਹਾਂ ਦੀ ਨਾਟਕਬਾਜ਼ੀ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਕੋਈ ਉਨ੍ਹਾਂ ਦੇ ਪੂਰੇ ਨਾਂ ਨਾਲ ਸੰਬੋਧਤ ਨਹੀਂ ਕਰਦਾ। ਕੀ ਭਾਜਪਾ ਸਰਕਾਰੀ ਵਿਗਿਆਪਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਨਾਮ ਲਿਖਦੀ ਹੈ? ਅਜਿਹੇ ਵਿਚ ਸਿਰਫ਼ ਬਾਬਾ ਸਾਹਿਬ ਦੇ ਨਾਮ 'ਤੇ ਹੀ ਸਵਾਰਥ ਦੀ ਰਾਜਨੀਤੀ ਕਿਉਂ ਹੋ ਰਹੀ ਹੈ?
(ਏਜੰਸੀ)