
ਗ਼ੈਰ ਸਿਧਾਂਤਕ ਅਤੇ ਪੰਥ ਵਿਰੋਧੀ ਗਤੀਵਿਧੀਆਂ ਵਿਚ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਅਕਾਲੀ ਦਲ ’ਤੇ ਨਾ ਕੇਵਲ ਚਾਦਰ ਪਾਈ ਬਲਕਿ ਪੂਰਾ ਸਾਥ ਦਿਤਾ।
SAD Crisis: ਅੰਮ੍ਰਿਤਸਰ (ਸਤਵਿੰਦਰ ਸਿੰਘ ਜੱਜ) : ਅਕਾਲੀ ਦਲ ਦੇ ਮੌਜੂਦਾ ਅੰਦਰੂਨੀ ਤੇ ਬਾਹਰਲੇ ਸੰਕਟ ਲਈ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰਾਂ ਦੇ ਇਲਾਵਾ ਅਕਾਲ ਤਖ਼ਤ ਦੇ 2003 ਤੋਂ ਹੁਣ ਤੱਕ ਦੇ ਜਥੇਦਾਰ ਜ਼ਿੰਮੇਵਾਰ ਹਨ। ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਨੇ ਕਿਹਾ ਭਾਜਪਾ ਨਾਲ ਸਿਆਸੀ ਸਾਂਝ ਦੇ ਦੌਰਾਨ ਸਿੱਖੀ ਦੇ ਨਿਆਰੇਪਣ ਨੂੰ ਖੋਰਾ ਲੱਗਣ ਅਤੇ ਪੰਜਾਬ ਨਾਲ, ਨਿਰਤੰਰ ਵਿਤਕਰਾ ਹੋਣ ਦੇ ਬਾਵਜੂਦ ਜਦ ਅਕਾਲੀ ਦਲ ਦੇ ਨੇਤਾ ਇਸ ਨੂੰ ਨਹੂੰ ਮਾਸ ਦਾ ਰਿਸ਼ਤਾ ਕਹਿ ਕੇ ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਸਨ ਤਾਂ ਜਥੇਦਾਰਾਂ ਨੇ ਅਪਣਾ ਫਰਜ਼ ਨਹੀ ਨਿਭਾਇਆ।
ਸਾਲ 2007 ਵਿਚ ਗੁਰਮੀਤ ਰਾਮ ਰਹੀਮ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ, 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਤੇ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵੇਲੇ ਜੇਕਰ ਇਨ੍ਹਾਂ ਜਥੇਦਾਰਾਂ ਨੇ ਅਕਾਲ ਤਖ਼ਤ ਦੀ ਪਹਿਰੇਦਾਰੀ ਨਿੱਜ ਸਵਾਰਥਾਂ ਤੋਂ ਉੱਪਰ ਉਠ ਕੇ ਕੀਤੀ ਹੁੰਦੀ ਤਾਂ ਅੱਜ ਅਕਾਲੀ ਦਲ ਦੀ ਹਾਲਤ ਤਰਸਯੋਗ ਨਾ ਹੁੰਦੀ।
ਇਸ ਨਿਘਾਰ ਵਿਚ 2015 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਵੀ ਜ਼ਿੰਮੇਵਾਰ ਹੈ ਜਿਸ ਨੇ ਗੁਰਮੀਤ ਰਾਮ ਰਹੀਮ ਦੀ ਮੁਆਫ਼ੀ ਨੂੰ ਜਾਇਜ਼ ਸਾਬਤ ਕਰਨ ਲਈ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦੇ ਕੇ ਗੁਰੂ ਦੀ ਗੋਲਕ ਨਾਲ ਧੋਖਾ ਕੀਤਾ। ਸਿੱਖ ਕੌਮ ਪੰਜ ਪਿਆਰਿਆਂ ਨੂੰ ਸਤਿਕਾਰਦੀ ਹੈ ਪਰ ਜਦ ਉਨ੍ਹਾਂ ਨੇ ਜਥੇਦਾਰਾਂ ਦੇ ਗਲਤ ਵਤੀਰੇ ’ਤੇ ਜਵਾਬ ਮੰਗਿਆਂ ਤਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿਤਾ।
ਇਨ੍ਹਾਂ ਗ਼ੈਰ ਸਿਧਾਂਤਕ ਅਤੇ ਪੰਥ ਵਿਰੋਧੀ ਗਤੀਵਿਧੀਆਂ ਵਿਚ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਅਕਾਲੀ ਦਲ ’ਤੇ ਨਾ ਕੇਵਲ ਚਾਦਰ ਪਾਈ ਬਲਕਿ ਪੂਰਾ ਸਾਥ ਦਿਤਾ।
ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਚਿੰਤਤ ਹਨ ਕਿ ਸਿੱਖਾਂ ਦੀ ਸਿਆਸੀ ਆਵਾਜ਼ ਅਲੋਪ ਹੋ ਗਈ ਹੈ ਅਤੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦਾ ਗੌਰਵ ਘੱਟ ਗਿਆ ਹੈ। ਜਥੇਦਾਰ ਹਵਾਰਾ ਕਮੇਟੀ ਨੇ ਕਿਹਾ ਜਿਹੜੇ ਅਕਾਲੀ ਅੱਜ ਆਪਸੀ ਦੁਸ਼ਣਬਾਜ਼ੀ ਨਾਲ ਇਕ-ਦੂਸਰੇ ਨੂੰ ਮਾੜਾ ਚੰਗਾ ਦੱਸ ਰਹੇ ਹਨ ਦਰਅਸਲ ਇਹ ਸਾਰੇ ਹੀ ਕੌਮ ਦੀ ਅਦਾਲਤ ਵਿਚ ਕਸੂਰਵਾਰ ਹਨ। ਹਵਾਰਾ ਕਮੇਟੀ ਨੇ ਕਿਹਾ ਅੱਜ ਪੁਰਾਤਨ ਅਕਾਲੀ ਦਲ ਨੂੰ ਬਹਾਲ ਕਰਨ ਦੀ ਲੋੜ ਹੈ। ਇਸ ਦੇ ਲਈ ਗੁਰਸਿੱਖ ਨੌਜਵਾਨਾਂ ਨੂੰ ਨਵੀ ਚੇਤਨਾ ਨਾਲ ਅੱਗੇ ਆਉਣਾ ਪਵੇਗਾ।