
ਕਿਹਾ, ਔਰਤਾਂ ਦੇ ਰਾਖਵੇਂਕਰਨ ਦਾ ਆਉਣ ਵਾਲੇ ਹਜ਼ਾਰਾਂ ਸਾਲਾਂ ਤਕ ਅਸਰ ਰਹੇਗਾ
ਬਿਲਾਸਪੁਰ, 30 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਔਰਤਾਂ ਲਈ ਰਿਜ਼ਰਵੇਸ਼ਨ ’ਚ ਅੰਦਰ ਪਛੜੇ ਵਰਗ (ਓ.ਬੀ.ਸੀ.) ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਮੰਗ ਕਰ ਰਹੀ ਕਾਂਗਰਸ ’ਤੇ ਲਾਉਂਦਿਆਂ ਕਿਹਾ ਕਿ ਉਹ (ਕਾਂਗਰਸ) ਔਰਤਾਂ ਨੂੰ ਜਾਤ ਦੇ ਆਧਾਰ ’ਤੇ ਵੰਡਣ ਦੀਆਂ ਨਵੀਂਆਂ ਚਾਲਾਂ ਚਲ ਰਹੀ ਹੈ।
ਛੱਤੀਸਗੜ੍ਹ ਦੇ ਬਿਲਾਸਪੁਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਮਹਾ ਸੰਕਲਪ ਪਰਿਵਰਤਨ’ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਪਾਰਟੀ ਸੂਬੇ ’ਚ ਸੱਤਾ ’ਚ ਆਉਂਦੀ ਹੈ ਤਾਂ ਉਨ੍ਹਾਂ ਦੀ ਕੈਬਨਿਟ ਦਾ ਪਹਿਲਾ ਫੈਸਲਾ ਮਕਾਨ ਅਲਾਟ ਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆ ਕੇ ਹਰ ਗਰੀਬ ਨੂੰ ਪੱਕਾ ਘਰ ਮੁਹੱਈਆ ਕਰਵਾਉਣਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਕਿ ਛੱਤੀਸਗੜ੍ਹ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ’ਚ ਡੁਬਿਆ ਹੋਇਆ ਹੈ ਅਤੇ (ਕਾਂਗਰਸ ਸਰਕਾਰ ਦੇ ਅਧੀਨ) ਹਰ ਯੋਜਨਾ ਵਿਚ ਘਪਲੇ ਹੋ ਰਹੇ ਹਨ।
ਛੱਤੀਸਗੜ੍ਹ ’ਚ ਇਸ ਸਾਲ ਦੇ ਅੰਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੂਬੇ ’ਚ ਕਾਂਗਰਸ ਸੱਤਾ ’ਚ ਹੈ। ਸੂਬਾ ਵਿਧਾਨ ਸਭਾ ਦੀਆਂ 90 ’ਚੋਂ 71 ਸੀਟਾਂ ’ਤੇ ਕਾਂਗਰਸ ਦੇ ਵਿਧਾਇਕ ਚੁਣੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮੋਦੀ ਨੇ ਤੁਹਾਨੂੰ ਦਿਤੀ ਗਈ ਗਾਰੰਟੀ ਨੂੰ ਪੂਰਾ ਕੀਤਾ ਹੈ। ਇਸ ਨਾਲ ਲੋਕ ਸਭਾ ਅਤੇ ਵਿਧਾਨ ਸਭਾ ’ਚ ਭੈਣਾਂ ਲਈ 33 ਫੀ ਸਦੀ ਸੀਟਾਂ ਰਾਖਵੀਆਂ ਹੋਣਗੀਆਂ। ਨਾਰੀ ਸ਼ਕਤੀ ਵੰਦਨ ਐਕਟ ਹੁਣ ਭਾਜਪਾ ਸਰਕਾਰ ’ਚ ਹਕੀਕਤ ਬਣ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਇਸ ’ਤੇ ਦਸਤਖਤ ਕੀਤੇ ਹਨ। ਇਹ ਹੁਣ ਕਾਨੂੰਨ ਬਣ ਗਿਆ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਨਾ ਚਾਹੁੰਦੇ ਹੋਏ ਵੀ ਕਾਂਗਰਸ ਅਤੇ ਉਸ ਦੀਆਂ ਸਾਥੀ ਪਾਰਟੀਆਂ ਨੂੰ ਸੰਸਦ ਵਿਚ ਇਬ ਬਿਲ ਦਾ ਸਮਰਥਨ ਕਿਉਂ ਕਰਨਾ ਪਿਆ, ਕਿਉਂਕਿ ਮਾਤਾਓ ਭੈਣੋ ਇਹ ਤੁਹਾਡੀ ਜਾਗਰੂਕਤਾ ਕਾਰਨ ਹੋਇਆ ਹੈ। ਹੁਣ ਉਨ੍ਹਾਂ ਨੇ ਇਕ ਨਵੀਂ ਖੇਡ ਸ਼ੁਰੂ ਕੀਤੀ ਹੈ, ਹੁਣ ਉਹ ਭੈਣਾਂ ’ਚ ਵੀ ਵੰਡ ਪੈਦਾ ਕਰਨਾ ਚਾਹੁੰਦੇ ਹਨ। ਭੈਣਾਂ ਇਕਜੁਟ ਹੋ ਗਈਆਂ ਹਨ। ਉਹ ਚਾਹੁੰਦੇ ਹਨ ਕਿ ਮਾਵਾਂ-ਭੈਣਾਂ ਜਥੇਬੰਦ ਨਾ ਹੋਣ। ਉਨ੍ਹਾਂ ਨੂੰ ਜਾਤੀਵਾਦ ’ਚ ਤੋੜਨ ਲਈ ਤਰ੍ਹਾਂ-ਤਰ੍ਹਾਂ ਦੀਆਂ ਦਲੀਲਾਂ ਦੇ ਕੇ ਵੰਡਿਆ ਜਾਣਾ ਚਾਹੀਦਾ ਹੈ ਅਤੇ ਝੂਠ ਫੈਲਾਉਣਾ ਚਾਹੀਦਾ ਹੈ। ਮੈਂ ਛੱਤੀਸਗੜ੍ਹ ਦੀਆਂ ਮਾਵਾਂ-ਭੈਣਾਂ ਨੂੰ ਸੁਚੇਤ ਰਹਿਣ ਲਈ ਕਹਿਣਾ ਚਾਹੁੰਦਾ ਹਾਂ।’’
ਉਨ੍ਹਾਂ ਨੇ ਔਰਤਾਂ ਦੇ ਰਾਖਵੇਂਕਰਨ ਨੂੰ ਇਕ ਅਜਿਹਾ ਫੈਸਲਾ ਦਸਿਆ ਜਿਸ ਦਾ ਆਉਣ ਵਾਲੇ ਹਜ਼ਾਰਾਂ ਸਾਲਾਂ ਤਕ ਅਸਰ ਰਹੇਗਾ। ਉਨ੍ਹਾਂ ਕਿਹਾ, ‘‘ਹਰ ਪਰਿਵਾਰ ’ਚ ਮਾਵਾਂ ਅਤੇ ਭੈਣਾਂ ਨੂੰ ਤਾਕਤ ਦੇਣ ਦਾ ਕੰਮ ਕੀਤਾ ਗਿਆ ਹੈ। ਅਪਣੀ ਬੇਟੀ ਦੇ ਭਵਿੱਖ ਨੂੰ ਉਜਵਲ ਬਣਾਉਣ ਦਾ ਕੰਮ ਕੀਤਾ ਹੈ। ਕਿਰਪਾ ਕਰ ਕੇ ਮੇਰੀਆਂ ਮਾਵਾਂ-ਭੈਣਾਂ ਨੂੰ ਝੂਠਿਆਂ ਦੇ ਝਾਂਸੇ ’ਚ ਨਾ ਆਉਣ ਦਿਉ। ਤੁਹਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਡੇ ’ਚ ਏਕਤਾ ਹੋਣੀ ਚਾਹੀਦੀ ਹੈ। ਤੁਹਾਡਾ ਆਸ਼ੀਰਵਾਦ ਬਣਿਆ ਰਹੇ, ਤਾਂ ਜੋ ਮੋਦੀ ਸਾਰਿਆਂ ਦੇ ਸੁਪਨੇ ਪੂਰੇ ਕਰਦੇ ਰਹਿਣ।’’