
BJP ਆਗੂ ਅਸ਼ਵਨੀ ਉਪਾਧਿਆਏ ਅਤੇ ਸੰਬਿਤ ਪਾਤਰ ਦੀ ਮੌਜੂਦਗੀ 'ਚ ਪਾਰਟੀ ਵਿਚ ਹੋਏ ਸ਼ਾਮਲ
ਨਵੀਂ ਦਿੱਲੀ : ਦਿੱਲੀ 'ਚ ਐੱਮ.ਸੀ.ਡੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਤਿੰਨ ਸਾਬਕਾ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਦਰਅਸਲ ਇਹ ਤਿੰਨ ਸਾਬਕਾ ਵਿਧਾਇਕ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ ਵਿਚ ਦਿੱਲੀ ਛਾਉਣੀ ਤੋਂ ਕਮਾਂਡੋ ਸੁਰੇਂਦਰ ਸਿੰਘ, ਤ੍ਰਿਲੋਕਪੁਰੀ ਤੋਂ 'ਆਪ' ਦੇ ਸਾਬਕਾ ਵਿਧਾਇਕ ਰਾਜੂ ਧੀਂਗਾਨ ਅਤੇ ਗੋਕਲਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਫ਼ਤਹਿ ਸਿੰਘ ਸ਼ਾਮਲ ਹਨ।
ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਤੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਉਪਾਧਿਆਏ ਅਤੇ ਸੰਬਿਤ ਪਾਤਰ ਦੀ ਮੌਜੂਦਗੀ ਵਿੱਚ ਇਹ ਤਿੰਨੇ ਸਾਬਕਾ ਆਪ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਜ਼ਿਕਰਯੋਗ ਹੈ ਕਿ 4 ਦਸੰਬਰ ਨੂੰ ਦਿੱਲੀ ਵਿੱਚ ਐੱਮ.ਸੀ.ਡੀ ਲਈ ਵੋਟਿੰਗ ਹੋਣ ਜਾ ਰਹੀ ਹੈ ਜਿਸ ਦੇ ਨਤੀਜੇ 7 ਦਸੰਬਰ ਨੂੰ ਸਾਹਮਣੇ ਆਉਣਗੇ।
ਦੱਸ ਦੇਈਏ ਕਿ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸੁਰੇੰਦ੍ਰ ਸਿੰਘ ਸਿਆਸਤ 'ਚ ਆਉਣ ਤੋਂ ਪਹਿਲਾਂ ਸਿਪਾਹੀ ਸਨ। ਅਰਵਿੰਦ ਕੇਜਰੀਵਾਲ 'ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ 'ਉੜੀ ਅੱਤਵਾਦੀ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾਉਣਾ ਕੇਜਰੀਵਾਲ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ'। ਸੁਰੇੰਦ੍ਰ ਸਿੰਘ ਪਹਿਲਾਂ ਭਾਜਪਾ ਵਿੱਚ ਹੀ ਸਨ। ਸਾਲ 2015 ਵਿੱਚ ਉਨ੍ਹਾਂ ਨੇ ਭਾਜਪਾ ਛੱਡ ਦਿੱਤੀ ਸੀ। ਭਾਜਪਾ 'ਚ ਮੁੜ ਸ਼ਾਮਲ ਹੋਣ 'ਤੇ ਉਨ੍ਹਾਂ ਕਿਹਾ ਕਿ ਇਹ ਮੇਰੀ ਘਰ ਵਾਪਸੀ ਹੈ।