
ਕਿਹਾ- ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮਹਿੰਗਾਈ ਤੋਂ ਪ੍ਰੇਸ਼ਾਨ ਹਿਮਾਚਲ ਦੀ ਜਨਤਾ ਬਦਲਾਅ ਚਾਹੁੰਦੀ ਹੈ
-ਔਰਤਾਂ ਨੂੰ ਦਿਤੇ ਜਾਣਗੇ ਪ੍ਰਤੀ ਮਹੀਨਾ 1500 ਰੁਪਏ
-ਪਿੰਡ-ਪਿੰਡ ਵਿਚ ਬਣਾਏ ਜਾਣਗੇ ਮੁਬਾਇਲ ਕਲੀਨਕ
-ਪਹਿਲੀ ਕੈਬਨਿਟ ਵਿਚ ਮੁਲਾਜ਼ਮਾਂ ਲਈ ਲਿਆਂਦੀ ਜਾਵੇਗੀ ਪੁਰਾਣੀ ਪੈਨਸ਼ਨ ਸਕੀਮ
ਮੰਡੀ : ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਮੰਡੀ ਵਿੱਚ ਇੱਕ ਚੋਣ ਰੈਲੀ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਭਾਜਪਾ ਦੇ ਹਰ 5 ਸਾਲ ਬਾਅਦ ਸਰਕਾਰ ਬਦਲਣ ਦੇ 'ਰਿਵਾਜ ਬਦਲਣ' ਦੇ ਬਿਆਨਾਂ 'ਤੇ ਚੁਟਕੀ ਲਈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਤੁਸੀਂ ਹਰ 5 ਸਾਲ ਬਾਅਦ ਸਰਕਾਰ ਬਦਲਣ ਦਾ ਜੋ ਰਿਵਾਜ ਬਣਾਇਆ ਹੈ, ਉਸ ਨੂੰ ਨਾ ਬਦਲੋ। ਇਹ ਇੱਕ ਚੰਗੀ ਰਿਵਾਇਤ ਹੈ। ਇਸ ਨਾਲ ਨੇਤਾਵਾਂ ਦਾ ਮਨ ਠੀਕ ਰਹਿੰਦਾ ਹੈ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਹਿਮਾਚਲ ਸੱਭਿਆਚਾਰ ਅਤੇ ਪਰੰਪਰਾਵਾਂ ਵਾਲਾ ਸੂਬਾ ਹੈ। ਹਿਮਾਚਲੀ ਇਮਾਨਦਾਰ ਹਨ। ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਜੋ ਕਹਿੰਦੇ ਹਨ ਕਿ ਪਰੰਪਰਾ ਬਦਲੋ। ਪ੍ਰਿਅੰਕਾ ਨੇ ਕਿਹਾ ਕਿ ਜੇਕਰ ਹਿਮਾਚਲ 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਹਰ ਸਾਲ 1 ਲੱਖ ਨੌਕਰੀਆਂ ਅਤੇ 5 ਸਾਲਾਂ 'ਚ 5 ਲੱਖ ਨੌਕਰੀਆਂ ਦੇਣਗੇ। ਰੈਲੀ ਵਿੱਚ ਪਹੁੰਚਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਬਾਬਾ ਭੂਤਨਾਥ ਮੰਦਰ ਵਿੱਚ ਮੱਥਾ ਟੇਕਿਆ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜਿਸ ਦਿਨ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ, ਉਸ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਫੈਸਲਾ ਲਿਆ ਜਾਵੇਗਾ। ਕਾਂਗਰਸ ਪਾਰਟੀ ਜੋ ਵੀ ਕਹਿ ਰਹੀ ਹੈ, ਉਹ ਕਰ ਕੇ ਦਿਖਾਵੇਗੀ। ਛੱਤੀਸਗੜ੍ਹ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਸਰਕਾਰ ਬਣਨ ਦੇ ਪਹਿਲੇ ਦਿਨ ਹੀ ਪੂਰਾ ਹੋ ਗਿਆ।
ਪ੍ਰਿਅੰਕਾ ਨੇ ਸੀਐੱਮ ਠਾਕੁਰ 'ਤੇ ਨਿਸ਼ਾਨਾ ਸਾਧਦੇ ਹੋਏ ਭਾਸ਼ਣ 'ਚ ਸਾਬਕਾ ਸੀਐੱਮ ਵੀਰਭੱਦਰ ਸਿੰਘ ਦੇ ਕੰਮਾਂ ਨੂੰ ਵੀ ਗਿਣਿਆ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਮੰਤਰੀ ਮੰਡੀ ਜ਼ਿਲ੍ਹੇ ਦਾ ਹੈ ਪਰ ਉਨ੍ਹਾਂ ਨੇ ਇੱਥੇ ਕੁਝ ਨਹੀਂ ਬਣਾਇਆ, ਸਿਰਫ ਸਵਾਰਥ ਦੀ ਰਾਜਨੀਤੀ ਕੀਤੀ ਹੈ। ਇਸ ਭਾਜਪਾ ਸਰਕਾਰ ਨੇ 5 ਸਾਲ ਕੁਝ ਨਹੀਂ ਕੀਤਾ, 5 ਸਾਲ ਹੋਰ ਦੇਖੋਗੇ?
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਹਿਮਾਚਲ 'ਚ ਸਰਕਾਰੀ ਵਿਭਾਗਾਂ 'ਚ 63 ਹਜ਼ਾਰ ਅਸਾਮੀਆਂ ਖਾਲੀ ਹਨ ਪਰ ਉਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਫੌਜ ਦੀ ਭਰਤੀ ਦੀ ਅਗਨੀਵੀਰ ਸਕੀਮ ਸ਼ੁਰੂ ਕਰ ਕੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਦੁੱਧ, ਦਹੀਂ, ਆਟਾ, ਸਰ੍ਹੋਂ ਦੇ ਤੇਲ 'ਤੇ ਲਗਾਇਆ ਗਿਆ ਜੀ.ਐਸ.ਟੀ. ਸੇਬ ਦੇ ਬਾਗਾਂ ਦੀ ਪੈਕਿੰਗ ਸਮੱਗਰੀ 'ਤੇ ਵੀ ਟੈਕਸ ਲਗਾਇਆ ਹੈ।