
ਪੜ੍ਹੋ ਕਿਹੜੇ ਸਾਂਸਦ ਨੇ ਚੁੱਕੇ ਕਿੰਨੇ ਮੁੱਦੇ?
ਨਵੀਂ ਦਿੱਲੀ: ਸਰਦ ਰੁੱਤ ਸੈਸ਼ਨ ਦੀ ਸਮਾਪਤੀ ਤੋਂ ਇੱਕ ਹਫ਼ਤੇ ਬਾਅਦ, ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰਾਂ (MPs) ਨੇ ਆਪਣੇ ਰਿਪੋਰਟ ਕਾਰਡ ਸਾਂਝੇ ਕੀਤੇ ਹਨ। 'ਆਪ' ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ 'ਚੋਂ ਵਿਕਰਮਜੀਤ ਸਿੰਘ ਸਾਹਨੀ 100 ਫ਼ੀਸਦੀ ਹਾਜ਼ਰੀ ਨਾਲ ਪਹਿਲੇ ਸਥਾਨ 'ਤੇ ਰਹੇ। ਵਿਕਰਮਜੀਤ ਸਿੰਘ ਸਾਹਨੀਸਰਦ ਰੁੱਤ ਇਜਲਾਸ ਕੁੱਲ 13 ਦਿਨਾਂ ਵਿੱਚੋਂ ਇੱਕ ਵੀ ਦਿਨ ਗੈਰ ਹਾਜ਼ਰ ਨਹੀਂ ਰਹੇ ਸਗੋਂ ਸਾਰੇ ਦਿਨ ਹੀ ਸਦਨ ਦੀ ਕਾਰਵਾਈ ਵਿਚ ਸ਼ਾਮਲ ਹੋਏ ਹਨ। ਇਹ ਹਾਜ਼ਰੀ ਪੰਜਾਬ ਤੋਂ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚ ਸਭ ਤੋਂ ਵੱਧ ਹੈ। ਸਾਹਨੀ ਨੇ MSP ਸਮੀਖਿਆ ਕਮੇਟੀ ਦੇ ਵੇਰਵਿਆਂ ਸਮੇਤ ਵੱਖ-ਵੱਖ ਮੁੱਦਿਆਂ 'ਤੇ 21 ਸਵਾਲ ਪੁੱਛੇ।
ਉਨ੍ਹਾਂ ਤੋਂ ਬਾਅਦ ਰਾਘਵ ਚੱਢਾ ਹਨ, ਜਿਨ੍ਹਾਂ ਦੀ ਸਰਦ ਰੁੱਤ ਇਜਲਾਸ ਵਿੱਚ 92 ਫ਼ੀਸਦੀ ਹਾਜ਼ਰੀ ਰਹੀ। ਸਰਦ ਰੁੱਤ ਸੈਸ਼ਨ ਦੌਰਾਨ ਰਾਘਵ ਚੱਢਾ ਨੇ 25 ਸਵਾਲ ਚੁੱਕੇ ਅਤੇ 11 ਬਹਿਸਾਂ ਵਿੱਚ ਹਿੱਸਾ ਲਿਆ। ਇਸ ਬਾਰੇ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, “ਮੈਂ ਸੰਸਦ ਵਿੱਚ ਕਈ ਅਹਿਮ ਮੁੱਦੇ ਚੁੱਕੇ ਹਨ: ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਦੀ ਫੀਸ ਮੁਆਫ਼ ਕਰਨਾ, ਵਿਦੇਸ਼ਾਂ ਤੋਂ ਗੈਂਗਸਟਰਾਂ ਨੂੰ ਲਿਆਉਣਾ, ਬੇਅਦਬੀ ਲਈ ਸਖ਼ਤ ਸਜ਼ਾ ਅਤੇ ਹੋਰ ਬਹੁਤ ਸਾਰੇ ਮੁੱਦੇ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੱਕ ਸੰਸਦ ਮੈਂਬਰ ਖੁਦ ਆਪਣਾ ਰਿਪੋਰਟ ਕਾਰਡ ਸਾਂਝਾ ਕਰ ਰਿਹਾ ਹੈ।''
'ਆਪ' ਦੇ ਦੋ ਸੰਸਦ ਮੈਂਬਰਾਂ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਦੇ ਰਿਕਾਰਡ ਬਾਰੇ ਗੱਲ ਕਰੀਏ ਤਾਂ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਇਜਲਾਸ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਰਿਹਾ।
ਸੰਦੀਪ ਪਾਠਕ ਦੀ ਹਾਜ਼ਰੀ 54 ਫ਼ੀਸਦੀ ਰਹੀ ਜਦਕਿ ਹਰਭਜਨ ਸਿੰਘ ਦੀ 62 ਫ਼ੀਸਦੀ ਹਾਜ਼ਰੀ ਸੀ। ਇਸ ਤੋਂ ਇਲਾਵਾ ਸੰਦੀਪ ਪਾਠਕ ਨੇ ਸਰਦ ਰੁੱਤ ਇਜਲਾਸ ਵਿੱਚ ਸਿਰਫ਼ ਇੱਕ ਸਵਾਲ ਉਠਾਇਆ ਸੀ ਅਤੇ ਸਿਰਫ਼ ਇੱਕ ਬਹਿਸ ਵਿੱਚ ਹਿੱਸਾ ਲਿਆ ਸੀ। ਹਰਭਜਨ ਸਿੰਘ ਨੇ ਇਜਲਾਸ ਵਿਚ 20 ਸਵਾਲ ਚੁੱਕੇ ਪਰ ਉਨ੍ਹਾਂ ਨੇ ਇਕ ਵੀ ਬਹਿਸ 'ਚ ਹਿੱਸਾ ਨਹੀਂ ਲਿਆ।
'ਆਪ' ਦੇ ਰਾਜ ਸਭਾ ਮੈਂਬਰ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਸੈਸ਼ਨ 'ਚ 92 ਫ਼ੀਸਦੀ ਹਾਜ਼ਰੀ ਦਰਜ ਕੀਤੀ। ਬਲਬੀਰ ਸਿੰਘ ਸੀਚੇਵਾਲ ਨੇ ਵੱਖ-ਵੱਖ ਮੁੱਦਿਆਂ 'ਤੇ 10 ਬਹਿਸਾਂ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ: ਕਿਸਾਨ ਖੁਦਕੁਸ਼ੀ ਦੀਆਂ ਵੱਧ ਰਹੀਆਂ ਘਟਨਾਵਾਂ, ਬੱਚਿਆਂ ਦੀ ਮਾਨਸਿਕ ਸਿਹਤ ਵਿੱਚ ਗਿਰਾਵਟ ਅਤੇ ਦੇਸ਼ ਵਿੱਚ ਪਾਣੀ ਦੀ ਬਰਬਾਦੀ ਮੁੱਖ ਸਨ।
'ਆਪ' ਦੇ ਇਕ ਹੋਰ ਸੰਸਦ ਮੈਂਬਰ ਸੰਜੀਵ ਅਰੋੜਾ, ਜਿਨ੍ਹਾਂ ਦੀ 69 ਫ਼ੀਸਦੀ ਹਾਜ਼ਰੀ ਸੀ, ਨੇ ਸੱਤ ਸਵਾਲ ਪੁੱਛੇ। 'ਆਪ' ਦੇ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ 85 ਫ਼ੀਸਦੀ ਹਾਜ਼ਰੀ ਦਰਜ ਕੀਤੀ। ਮਿੱਤਲ ਨੇ ਪੰਜ ਬਹਿਸਾਂ ਵਿੱਚ ਹਿੱਸਾ ਲਿਆ ਅਤੇ 19 ਸਵਾਲ ਪੁੱਛੇ।
ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ 45 ਫ਼ੀਸਦੀ ਹਾਜ਼ਰੀ ਨਾਲ ਨਾਲ ਤਿੰਨ ਬਹਿਸਾਂ ਵਿਚ ਹਿੱਸਾ ਲਿਆ ਜਦਕਿ ਕੋਈ ਸਵਾਲ ਨਹੀਂ ਚੁੱਕਿਆ। ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 18 ਫ਼ੀਸਦ ਰਹੀ ਅਤੇ ਨਾ ਹੀ ਉਨ੍ਹਾਂ ਕਿਸੇ ਬਹਿਸ ਵਿਚ ਹਿੱਸਾ ਲਿਆ ਅਤੇ ਨਾ ਹੀ ਕੋਈ ਸਵਾਲ ਚੁੱਕਿਆ। ਅੰਤ ਵਿਚ ਜੇਕਰ ਸੰਸਦ ਮੈਂਬਰ ਸੰਨੀ ਦਿਓਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਨਾ ਤਾਂ ਕਿਸੇ ਬਹਿਸ ਵਿਚ ਹਿੱਸਾ ਲਿਆ ਅਤੇ ਨਾ ਹੀ ਕੋਈ ਸਵਾਲ ਚੁੱਕਿਆ। ਸਰਦ ਰੁੱਤ ਇਜਲਾਸ ਵਿਚ ਸੰਨੀ ਦਿਓਲ ਦੀ ਹਾਜ਼ਰੀ ਜ਼ੀਰੋ ਫ਼ੀਸਦ ਦਰਜ ਕੀਤੀ ਗਈ।