
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੋਸ਼ ਲਾਇਆ ਕਿ
ਗੁਜਰਾਤ 'ਚ ਚੋਣ ਪ੍ਰਚਾਰ ਦੌਰਾਨ ਰਾਹੁਲ ਦੇ ਬਿਆਨ 'ਤੇ ਭੜਕਿਆ ਵਿਵਾਦ
ਵੜੋਦਰਾ, 10 ਅਕਤੂਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੋਸ਼ ਲਾਇਆ ਕਿ ਉਹ ਔਰਤਾਂ ਨੂੰ ਮਾਣ ਨਹੀਂ ਦਿੰਦੇ ਅਤੇ ਸਵਾਲ ਕੀਤਾ ਕਿ ਲੋਕਾਂ ਨੂੰ ਸੰਘ ਦੀਆਂ ਬ੍ਰਾਂਚਾਂ 'ਚ ਕਿੰਨੀਆਂ ਕੁ ਔਰਤਾਂ ਨਜ਼ਰ ਆਈਆਂ? ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਾਂਗਰਸ 'ਚ ਹਰ ਪੱਧਰ 'ਤੇ ਔਰਤਾਂ ਕੰਮ ਕਰਦੀਆਂ ਹਨ।ਉਨ੍ਹਾਂ ਵਿਅੰਗਮਈ ਅੰਦਾਜ਼ 'ਚ ਕਿਹਾ, ''ਉਨ੍ਹਾ ਦਾ ਸੰਗਠਨ ਆਰ.ਐਸ.ਐਸ. ਹੈ। ਆਰ.ਐਸ.ਐਸ. 'ਚ ਕਿੰਨੀਆਂ ਐਰਤਾਂ ਹਨ। ਕੀ ਤੁਸੀਂ ਕਦੀ ਕਿਸੇ ਔਰਤ ਨੂੰ ਬ੍ਰਾਂਚ 'ਚ ਨਿੱਕਰ ਪਾਈ ਵੇਖਿਆ ਹੈ? ਮੈਂ ਤਾਂ ਨਹੀਂ ਵੇਖਿਆ।'' ਖਾਕੀ ਨਿੱਕਰ ਆਰ.ਐਸ.ਐਸ. ਕਾਰਕੁਨਾਂ ਦੀ ਪਛਾਣ ਹੈ ਜੋ ਉਹ ਪਹਿਲਾਂ ਬ੍ਰਾਂਚਾਂ ਅੰਦਰ ਪਹਿਨਦੇ ਹੁੰਦੇ ਸਨ। ਹਾਲਾਂਕਿ ਇਕ ਸਾਲ ਪਹਿਲਾਂ ਉਨ੍ਹਾਂ ਨਿੱਕਰ ਦੀ ਥਾਂ ਪੈਂਟ ਪਾਉਣੀ ਸ਼ੁਰੂ ਕਰ ਦਿਤੀ। ਜ਼ਿਕਰਯੋਗ ਹੈ ਕਿ ਆਰ.ਐਸ.ਐਸ. 'ਚ ਔਰਤਾਂ ਨੂੰ ਮੈਂਬਰੀ ਨਹੀਂ ਦਿਤੀ ਜਾਂਦੀ ਬਲਕਿ ਔਰਤਾਂ ਲਈ ਵਖਰੀ ਜਥੇਬੰਦੀ ਬਣਾਈ ਗਈ ਹੈ।
ਹਾਲਾਂਕਿ ਰਾਹੁਲ ਦੀ ਇਸ ਟਿਪਣੀ ਦਾ ਭਾਜਪਾ ਨੇ ਸਖ਼ਤ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਇਸ ਬਿਆਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਦੇ ਇਸ ਬਿਆਨ ਨੂੰ ਅਭੱਦਰ ਦਸਿਆ ਹੈ। ਉਨ੍ਹਾਂ ਕਿਹਾ, ''ਜੇ ਰਾਹੁਲ ਦਾ ਮੰਨਣਾ ਹੈ ਕਿ ਭਾਰਤ 'ਚ ਨਿੱਕਰਾਂ ਪਾਉਣਾ ਔਰਤਾਂ ਦੇ ਮਜ਼ਬੂਤੀਕਰਨ ਦੀ ਨਿਸ਼ਾਨੀ ਹੈ ਤਾਂ ਬਤੌਰ ਔਰਤ ਮੈਂ ਇਸ ਨੂੰ ਖ਼ਾਰਜ ਕਰਦੀ ਹਾਂ।'' ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਇਸ ਬਿਆਨ 'ਤੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ, ''ਰਾਹੁਲ ਨੇ ਗੁਜਰਾਤ ਦੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ। ਉਹ ਅਪਣੇ ਸ਼ਬਦ ਵਾਪਸ ਲੈਣ ਅਤੇ ਔਰਤਾਂ ਤੋਂ ਮਾਫ਼ੀ ਮੰਗਣ ਨਹੀਂ ਤਾਂ ਪੂਰੇ ਗੁਜਰਾਤ ਦੀਆਂ ਔਰਤਾਂ ਇਕੱਠੀਆਂ ਹੋ ਜਾਣਗੀਆਂ ਅਤੇ ਗੁਜਰਾਤ 'ਚ ਕਾਂਗਰਸ ਦੀਆਂ ਬਾਕੀ ਬਚੀਆਂ ਸੀਟਾਂ ਵੀ ਖੁੱਸ ਜਾਣਗੀਆਂ।'' ਉਨ੍ਹਾਂ ਕਿਹਾ ਕੀ ਇਹੀ ਕਾਂਗਰਸ ਦੀ ਨਜ਼ਰ 'ਚ ਰਹਿੰਦਾ ਹੈ ਕਿ ਔਰਤਾਂ ਨੇ ਕੀ ਪਾਇਆ ਹੈ ਅਤੇ ਕੀ ਨਹੀਂ?
ਆਰ.ਐਸ.ਐਸ. ਦੇ ਦਿੱਲੀ ਪ੍ਰਚਾਰ ਮੁਖੀ ਰਾਜੀਵ ਤੁਲੀ ਨੇ ਵੀ ਰਾਹੁਲ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਜਿੰਨੀ ਛੇਤੀ ਹੋ ਸਕੇ ਰਾਹੁਲ ਤੋਂ ਛੁਟਕਾਰਾ ਪਾ ਲਵੇ ਨਹੀਂ ਤਾਂ ਉਨ੍ਹਾਂ ਨੂੰ ਸਾਰੀ ਉਮਰ ਵਿਰੋਧੀ ਧਿਰ 'ਚ ਰਹਿਣਾ ਪਵੇਗਾ। ਉਨ੍ਹਾਂ ਕਿਹਾ, ''ਕਲ ਰਾਹੁਲ ਇਹ ਵੀ ਕਹਿ ਸਕਦੇ ਹਨ ਕਿ ਬੀ.ਸੀ.ਸੀ.ਆਈ. 'ਚ ਔਰਤਾਂ ਕਿਉਂ ਨਹੀਂ ਹਨ? ਕੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਭਾਰਤ 'ਚ ਔਰਤਾਂ ਦੀ ਕ੍ਰਿਕਟ ਟੀਮ ਵੀ ਹੈ?''
ਰਾਹੁਲ ਨੇ ਗੁਜਰਾਤ 'ਚ ਅਪਣੀ ਚੋਣ ਮੁਹਿੰਮ ਦੇ ਦੂਜੇ ਦਿਨ ਵਿਦਿਆਰਥੀਆਂ ਦੀ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਸੋਚ ਹੈ ਕਿ ਜਦੋਂ ਤਕ ਔਰਤਾਂ ਸ਼ਾਂਤ ਹਨ ਉਦੋਂ ਤਕ ਉਹ ਚੰਗੀਆਂ ਹਨ ਪਰ ਜਦੋਂ ਉਹ ਬੋਲਣ ਲਗਦੀਆਂ ਹਨ ਤਾਂ ਭਾਜਪਾ ਉਨ੍ਹਾਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਜੇਕਰ ਗੁਜਰਾਤ 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਔਰਤਾਂ ਨੂੰ ਮਹੱਤਵ ਦੇਵੇਗੀ ਅਤੇ ਉਨ੍ਹਾਂ ਦੇ ਮੁੱਦੇ ਸੁਲਝਾਏਗੀ। (ਏਜੰਸੀਆਂ)