
8 ਦਸੰਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਭਵਿੱਖ ਬਾਬਤ ਖ਼ਾਮੋਸ਼ ਹਨ।
ਪਵੀ ਜੇਤਪੁਰ, 8 ਦਸੰਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਭਵਿੱਖ ਬਾਬਤ ਖ਼ਾਮੋਸ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਨੂੰ ਪਤਾ ਨਹੀਂ ਕਿ ਭਾਜਪਾ ਨੂੰ ਗੁਜਰਾਤ ਵਿਚ ਕਿੰਨਾ ਨੁਕਸਾਨ ਹੋਵੇਗਾ।ਉਨ੍ਹਾਂ ਸੱਤਾਧਿਰ ਭਾਜਪਾ 'ਤੇ ਚੋਣਾਂ ਲਈ ਹੁਣ ਤਕ ਅਪਣਾ ਘੋਸ਼ਣਾ ਪੱਤਰ ਜਾਰੀ ਨਾ ਕਰਨ ਲਈ ਨਿਸ਼ਾਨਾ ਲਾਇਆ। ਗੁਜਰਾਤ ਦੇ ਛੋਟਾ ਉਦੇਪੁਰ ਜ਼ਿਲ੍ਹੇ ਦੇ ਇਸ ਕਸਬੇ ਵਿਚ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਨਜਾਤੀ ਭਾਈਚਾਰਿਆਂ, ਔਰਤਾਂ, ਨੌਜਵਾਨਾਂ ਅਤੇ ਉਨ੍ਹਾਂ ਦੀਆਂ ਮੰਗਾਂ ਸਮੇਤ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਵਿਚਾਰ ਕਰ ਕੇ ਚੋਣ ਮਨੋਰਥ ਪੱਤਰ ਲਿਆਈ ਹੈ। ਕਾਂਗਰਸ ਮੀਤ ਪ੍ਰਧਾਨ ਨੇ ਕਿਹਾ, 'ਅੱਧੇ ਗੁਜਰਾਤ ਵਿਚ ਪ੍ਰਚਾਰ ਖ਼ਤਮ ਹੋ ਗਿਆ ਹੈ। ਛੇਤੀ ਹੀ ਵੋਟਾਂ ਪੈਣਗੀਆਂ ਪਰ ਭਾਜਪਾ ਨੇ ਹੁਣ ਤਕ ਅਪਣਾ ਚੋਣ ਮਨੋਰਥ ਪੱਤਰ ਨਹੀਂ ਐਲਾਨਿਆ। ਭਾਜਪਾ ਨੇ ਨਹੀਂ ਦਸਿਆ ਕਿ ਅਗਲੇ ਪੰਜ ਸਾਲਾਂ ਵਿਚ
ਉਹ ਲੋਕਾਂ ਲਈ ਕੀ ਲੈ ਕੇ ਆਵੇਗੀ।' ਰਾਹੁਲ ਨੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਕਿ ਭਾਜਪਾ ਅਗਲੇ ਸੌ ਸਾਲ ਤਕ ਗੁਜਰਾਤ ਵਿਚ ਸ਼ਾਸਨ ਕਰੇਗੀ ਪਰ ਅਪਣੀਆਂ ਰੈਲੀਆਂ ਵਿਚ ਗੁਜਰਾਤ ਦੇ ਭਵਿੱਖ ਬਾਰੇ ਉਹ ਇਕ ਸ਼ਬਦ ਤਕ ਨਹੀਂ ਕਹਿ ਰਹੇ। ਇਸ ਦੀ ਬਜਾਏ ਮੋਦੀ ਜੀ ਅਫ਼ਗ਼ਾਨਿਸਤਾਨ, ਪਾਕਿਸਤਾਨ, ਚੀਨ ਅਤੇ ਕਈ ਵਿਸ਼ਵ ਮੁੱਦਿਆਂ ਬਾਰੇ ਗੱਲ ਕਰ ਰਹੇ ਹਨ। ਇਹ ਚੋਣ ਮੋਦੀ ਜਾਂ ਰਾਹੁਲ ਗਾਂਧੀ ਬਾਰੇ ਨਹੀਂ ਹੈ ਸਗੋਂ ਗੁਜਰਾਤ ਦੇ ਲੋਕਾਂ ਲਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹਿਸਾਸ ਨਹੀਂ ਹੈ ਕਿ ਗੁਜਰਾਤ ਵਿਚ ਉਨ੍ਹਾਂ ਦੀ ਪਾਰਟੀ ਦਾ ਕਿੰਨਾ ਨੁਕਸਾਨ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਭਾਜਪਾ ਵਿਰੋਧੀ ਹਵਾ ਚੱਲ ਰਹੀ ਹੈ। (ਏਜੰਸੀ)