
4 ਦਸੰਬਰ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨ ਬਣਨ ਲਈ ਅੱਜ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿਤੇ
ਨਵੀਂ ਦਿੱਲੀ, 4 ਦਸੰਬਰ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨ ਬਣਨ ਲਈ ਅੱਜ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿਤੇ ਜਿਸ ਨਾਲ ਦੇਸ਼ ਦੀ ਇਸ ਸੱਭ ਤੋਂ ਪੁਰਾਣੀ ਪਾਰਟੀ 'ਚ ਸਿਖਰਲੇ ਅਹੁਦੇ 'ਤੇ ਬਦਲਾਅ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨੂੰ 2019 'ਚ ਆਮ ਚੋਣਾਂ ਤੋਂ ਪਹਿਲਾਂ ਪਾਰਟੀ 'ਚ ਜਾਨ ਫੂਕਣ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ। ਇਸ ਅਹੁਦੇ ਦੀ ਜ਼ਿੰਮੇਵਾਰੀ ਪਿਛਲੇ 19 ਸਾਲਾਂ ਤੋਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਸੰਭਾਲ ਰਹੀ ਹੈ।ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣਾਂ 'ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੱਜ ਆਖ਼ਰੀ ਮਿਤੀ ਸੀ। ਇਸ ਲਈ ਨਿਰਧਾਰਤ ਸਮਾਂ ਬੀਤ ਜਾਣ ਮਗਰੋਂ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਐਮ. ਰਾਮਚੰਦਰਨ ਨੇ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ ਕੁਲ 89 ਨਾਮਜ਼ਦਗੀ ਪੱਤਰਾਂ ਦੇ ਸੈੱਟ ਦਾਖ਼ਲ ਕੀਤੇ ਗਏ।ਰਾਮਚੰਦਰਨ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਕਿ ਕੀ ਰਾਹੁਲ ਗਾਂਧੀ ਤੋਂ ਇਲਾਵਾ ਵੀ ਕਿਸੇ ਹੋਰ ਉਮੀਦਵਾਰ ਦੇ ਹੱਕ 'ਚ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ ਤੋਂ ਬਾਅਦ ਕਲ ਹੀ ਇਹ ਪਤਾ ਲੱਗ ਸਕੇਗਾ ਕਿ ਕੁਲ ਕਿੰਨੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਪਾਰਟੀ ਸੂਤਰਾਂ ਮੁਤਾਬਕ ਇਸ ਚੋਣ 'ਚ ਰਾਹੁਲ ਗਾਂਧੀ ਹੀ ਇਕੋ ਇਕ ਉਮੀਦਵਾਰ ਹੋਣਗੇ। ਨਾਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਰਾਹੁਲ ਗਾਂਧੀ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਈ ਹੋਰ ਕਾਂਗਰਸੀ ਆਗੂ ਵੀ ਸਨ। ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਹੁਲ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਕਾਂਗਰਸ ਪ੍ਰਧਾਨ ਲਈ ਰਾਹੁਲ ਦੇ ਨਾਂਅ ਦੀ ਸਿਫ਼ਾਰਸ਼ ਕਰਨ ਵਾਲੀ ਸੋਨੀਆ ਗਾਂਧੀ ਇਸ ਮੌਕੇ ਮੌਜੂਦ ਨਹੀਂ ਸੀ। ਰਾਹੁਲ ਵਲੋਂ ਅਪਣੀ ਮਾਂ ਤੋਂ ਪਾਰਟੀ ਦੀ ਕਮਾਨ ਸੰਭਾਲੇ ਜਾਣ ਬਾਰੇ ਤਸਵੀਰ ਕਲ ਤਕ ਸਾਫ਼ ਹੋ ਜਾਵੇਗੀ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਸੱਭ ਤੋਂ ਪਸੰਦੀਦਾ ਹਨ। ਅੱਜ ਸਵੇਰੇ ਲਗਭਗ 10:30 ਵਜੇ ਰਾਹੁਲ ਗਾਂਧੀ ਕਾਂਗਰਸ ਦੇ ਹੈੱਡਕੁਆਰਟਰ ਪੁੱਜੇ ਅਤੇ 11:00 ਵਜੇ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਕਾਫ਼ੀ ਸਮੇਂ ਬਾਅਦ ਅੱਜ ਰਾਜਧਾਨੀ ਦੇ ਅਕਬਰ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ 'ਚ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਕਾਫ਼ੀ ਸਰਗਰਮੀ ਅਤੇ ਜਸ਼ਨ ਵਰਗਾ ਮਾਹੌਲ ਸੀ। ਮੀਡੀਆ ਦੇ ਕੈਮਰਿਆਂ ਦੀ ਚਮਕਾਰ ਵਿਚਕਾਰ ਪਾਰਟੀ ਦੀ ਪੁਰਾਣੀ ਪੀੜ੍ਹੀ ਦੇ ਕਈ ਪ੍ਰਮੁੱਖ ਆਗੂਆਂ ਅਤੇ ਨੌਜੁਆਨ ਚਿਹਰਿਆਂ ਨੇ ਪਾਰਟੀ 'ਚ ਹੋਣ ਜਾ ਰਹੇ ਇਸ ਪੀੜ੍ਹੀਗਤ ਬਦਲਾਅ ਦੇ ਮੌਕੇ ਇਕਜੁਟਤਾ ਦਿਸੀ। 11 ਦਸੰਬਰ ਤਕ ਉਮੀਦਵਾਰ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਜੇ ਲੋੜ ਪਈ ਤਾਂ 16 ਦਸੰਬਰ ਨੂੰ ਚੋਣਾਂ ਹੋਣਗੀਆਂ ਜਿਨ੍ਹਾਂ ਦੀ ਗਿਣਤੀ 19 ਦਸੰਬਰ ਨੂੰ ਹੋਵੇਗੀ। (ਪੀ.ਟੀ.ਆਈ.)