Parkash Singh Badal
ਸ਼੍ਰੋਮਣੀ ਅਕਾਲੀ ਦਲ ਲਈ ਇਹ ਬੀਤ ਰਿਹਾ ਸਾਲ 2017 ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਤੌਰ.....
ਅੰਮ੍ਰਿਤਸਰ, 28 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਲਈ ਇਹ ਬੀਤ ਰਿਹਾ ਸਾਲ 2017 ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਤੌਰ ਤੇ ਅਸ਼ੁਭ ਰਿਹਾ। ਇਸ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੀ 10 ਸਾਲਾਂ ਤੋਂ ਅਗਵਾਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਰ ਰਹੇ ਸਨ। ਇਸ ਸਾਲ ਹੀ ਸਾਬਕਾ ਅਕਾਲੀ ਵਜ਼ੀਰ ਸੁੱਚਾ ਸਿੰਘ ਲੰਗਾਹ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਾਈ ਔਰਤ ਨਾਲ ਅਸ਼ਲੀਲ ਵੀਡੀਉ ਨੇ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਕਲੰਕਿਤ ਕੀਤਾ। ਇਸ ਵਰ੍ਹੇ ਦੇ ਆਖਰੀ ਦਿਨ ਚ ਸਿੱਖਾਂ ਦੀ ਸਿਰਮੌਰ ਧਾਰਮਿਕ, ਵਿੱਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਮੀਤ ਪ੍ਰਧਾਨ ਖਾਲਸਾ ਕਾਲਜ ਦੇ ਇਕ ਔਰਤ ਨਾਲ ਸੈਕਸੀ ਵੀਡੀਉ ਸ਼ੋਸ਼ਲ ਮੀਡੀਆ ਤੇ ਆਉਣ ਕਰਕੇ ਸਿੱਖਾਂ ਦੀ ਬੇਹੱਦ ਬਦਨਾਮੀ ਹੋ ਰਹੀ ਹੈ। ਸਮਾਜਿਕ ਪੱਧਰ ਤੇ ਸਿੱਖਾਂ ਨੂੰ ਨਾਮੋਸ਼ੀਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਥਕ ਤੇ ਸਿਆਸੀ ਹਲਕੇ ਪ੍ਰਕਾਸ਼ ਸਿੰਘ ਨੂੰ ਦੋਸ਼ ਦੇ ਰਹੇ ਹਨ ਜਿੰਨ੍ਹਾਂ ਕੋਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ, ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ, ਚੀਫ ਖਾਲਸਾ ਦੀਵਾਨ ਆਦਿ ਪ੍ਰਮੁੱਖ ਸਿਆਸੀ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਤੇ ਸਿੱਧਾ-ਅਸਿੱਧਾ ਕੰਟਰੋਲ ਹੈ। ਇਸ ਸਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਬਣਨ ਤੇ ਹੰਗਾਮਾ ਹੋਇਆ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸੌਦਾ ਸਾਧ ਦੇ ਡੇਰੇ ਵੋਟਾਂ ਮੰਗਣ ਗਿਆ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਰ ਸਿਆਸੀ ਆਗੂਆਂ ਨਾਲ ਭਾਈ ਲੌਂਗੋਵਾਲ ਨੂੰ ਵੀ ਤਲਬ ਕੀਤਾ ਗਿਆ ਸੀ।

ਭਾਂਵੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਵਜੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਦੀ ਸਖ਼ਸੀਅਤ ਦਾ ਅਸਰ ਆਮ ਸਿੱਖ ਤੇ ਪੰਥਕ ਆਗੂਆਂ ਵਿਚ ਅਸ਼ੁਭ ਹੀ ਰਿਹਾ। ਪੰਥਕ ਆਗੂ ਇਹ ਮੰਨ ਕੇ ਚਲ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਬੜੀਆਂ ਕੁਰਬਾਨੀਆਂ ਬਾਅਦ ਹੋਂਦ ਵਿਚ ਆਈਆਂ ਸਨ ਪਰ ਜੋ ਹਾਲਤ ਉਕਤ ਸਿੱਖ ਸੰਗਠਨਾਂ ਦੀ ਬਣ ਗਈ ਹੈ, ਉਸ ਨੇ ਸਿੱਖਾ ਦਾ ਮਾਨ ਸਨਮਾਨ ਪੰਥਕ ਤੇ ਗੈਰ ਪੰਥਕ ਹਲਕਿਆਂ ਵਿਚ ਪ੍ਰਫਲਤ ਕਰਨ ਦੀ ਥਾਂ ਡੇਗਿਆ ਹੈ, ਜਿਸ ਕਾਰਨ ਸਿੱਖਾਂ ਦੀ ਛਵੀ ਪਹਿਲਾਂ ਵਰਗੀ ਨਹੀਂ ਰਹੀ ਜੋ ਮਾਸਟਰ ਤਾਰਾ ਸਿੰਘ, ਮੋਹਨ ਸਿੰਘ ਤੁੜ, ਬਾਬਾ ਖੜਕ ਸਿੰਘ, ਸੰਤ ਫਤਿਹ ਸਿੰਘ, ਜੱਥੇਦਾਰ ਜਗਦੇਵ ਸਿੰੰਘ ਤਲਵੰਡੀ, ਜੱਥੇਦਾਰ ਗੁਰਚਰਨ ਸਿੰੰਘ ਟੌਹੜਾ ਸਮੇਂ ਸੀ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਸਿੱਖ ਸੰਗਠਨਾਂ ਵਿਚ ਸੁਧਾਰ ਲਿਆਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ ਵਰਗੇ ਮਹਾਨ ਅਦਾਰਿਆਂ ਦੇ ਮੁੱਖੀ ਪ੍ਰਭਾਵਸ਼ਾਲੀ ਦਿੱਖ ਵਾਲੇ ਅਤੇ ਮਜ਼ਬੂਤ ਚਰਿੱਤਰਵਾਨ ਹੋਣ ਨਾਲ ਹੀ ਸਿੱਖੀ ਦੀ ਆਨ ਤੇ ਸ਼ਾਨ ਮੁੜ ਲੀਹ ਤੇ ਆ ਸਕਦੀ ਹੈ।
ਦੂਸਰੇ ਪਾਸੇ ਪੰਥਕ ਦਲਾਂ ਦੇ ਆਗੂਆਂ ਦਾ ਸਿਆਸੀ ਵਜੂਦ ਕਮਜ਼ੋਰ ਹੋਣ ਕਰਕੇ ਅਤੇ ਆਪਸੀ ਵਿਚਾਰਧਾਰਾ ਵਿਚ ਮਤਭੇਦਾਂ ਦੀ ਬਦੌਲਤ ਆਮ ਸਿੱਖ ਪ੍ਰੇਸ਼ਾਨ ਹੈ, ਜਿਸ ਨੂੰ ਉਸਾਰੂ ਸੇਧ ਦੇਣ ਲਈ ਨਵੀਂ ਤੇ ਉਸਾਰੂ ਸੋਚ ਵਾਲੀ ਲੀਡਰਸ਼ਿਪ ਦੀ ਜਰੂਰਤ ਹੈ ਪਰ ਧੁੰਦਲੀ ਤਸਵੀਰ ਕਾਰਨ ਅਜੇ ਸਿੱਖ ਕੌਮ ਨੂੰ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵੇਲੇ ਲੋੜ ਆਪਸੀ ਮਤਭੇਦ ਇਕ ਪਾਸੇ ਕਰਕੇ ਪ੍ਰਭਾਵਸ਼ਾਲੀ ਲੀਡਰਸ਼ਿਪ ਪੈਦਾ ਕਰਨ ਦੀ ਹੈ।
end-of