
ਹਰਿਆਣਵੀ ਮੁੰਡੇ ਨੇ 51 ਲੱਖ ਰੁਪਏ ਦੀ ਇਨਾਮੀ ਮੱਝ ਵੇਚ ਕੇ ਕਿਸਾਨਾਂ ਲਈ ਲਾਇਆ ਲੰਗਰ
ਨਵੀਂ ਦਿੱਲੀ, 31 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਅੰਦੋਲਨ ਨੇ ਲੋਕ ਮਨਾਂ 'ਤੇ ਡੂੰਘਾ ਅਸਰ ਪਾਇਆ ਹੈ | ਪੰਜ ਦਰਿਆਵਾਂ ਦੀ ਧਰਤੀ ਤੋਂ ਕਿਰਤੀ ਲੋਕਾਂ ਦੇ ਹੱਕ ਵਿਚ ਵੱਜੀ ਹੂਕ ਆਲਮੀ ਪੱਧਰ 'ਤੇ ਗੂੰਜੀ ਹੈ | ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੇ ਮਨਾਂ 'ਤੇ ਸਤਲੁਜ-ਯਮਨਾ ਲਿੰਕ ਨਹਿਰ ਵਾਲੀ ਜੰਮੀ ਬਰਫ਼ ਕਿਸਾਨੀ ਘੋਲ ਨਾਲ ਪਿਘਲਣ ਲੱਗੀ ਹੈ | ਵੱਡੇ ਭਰਾਵਾਂ ਤੇ ਛੋਟੇ ਭਾਈਆਂ ਨੇ ਨਾ ਸਿਰਫ਼ ਸਨੇਹ ਤੇ ਪਿਆਰ ਲਈ ਬਾਹਾਂ ਫੈਲਾਈਆਂ ਹਨ ਸਗੋਂ ਨਫ਼ਰਤਾਂ ਭੁੱਲ ਕੇ ਇਕ ਦੂਜੇ ਨੂੰ ਬੁੱਕਲ ਵਿਚ ਲਿਆ ਹੈ |
ਦਿੱਲੀ ਦੀ ਜੂਹ ਸਿੰਘੂ, ਗਾਜ਼ੀਪੁਰ, ਟਿਕਰੀ ਬਾਰਡਰ 'ਤੇ ਵੱਡੀ ਗਿਣਤੀ ਵਿਚ ਬੈਠੇ ਦੇਸ਼ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਵੀ ਵੱਡਾ ਦਿਲ ਦਿਖਾਇਆ ਹੈ | ਬਿਪਤਾ, ਦੁੱਖ ਵਿਚ ਲੰਗਰ ਲਗਾਉਣ ਲਈ ਪੰਜਾਬੀਆਂ ਦਾ ਕੋਈ ਤੋੜ ਨਹੀਂ ਹੈ ਪਰ ਕਿਸਾਨੀ ਘੋਲ ਵਿਚ ਲੰਗਰ ਸੇਵਾ ਵਿਚ ਯੋਗਦਾਨ ਪਾਉਣ ਲਈ ਹਰਿਆਣਵੀ ਵੀ ਪਿੱਛੇ ਨਹੀਂ | ਹਿਸਾਰ ਜ਼ਿਲ੍ਹੇ ਦੇ ਪਿੰਡ ਲਤਾਣੀ ਦੇ ਪਸ਼ੂ ਪਾਲਕ ਸੁਖਬੀਰ ਢਾਂਡਾ ਨੇ ਕਿਸਾਨਾਂ ਲਈ ਵੱਡਾ ਦਿਲ ਦਿਖਾਉਾਂਦਿਆ ਅਪਣੀ ਇਨਾਮ ਜੇਤੂ ਮੁਰ੍ਹਾ ਜਾਤੀ ਦੀ ਮੱਝ 51 ਲੱਖ ਰੁਪਏ 'ਚ ਵੇਚ ਕੇ ਮਠਿਆਈ ਦਾ ਲੰਗਰ ਲਾਇਆ ਹੋਇਆ ਹੈ | ਉਸ ਦੀ ਮੱਝ 'ਗੰਗਾ' ਨੇ ਹਰਿਆਣਾ ਦੇ ਪਸ਼ੂ ਮੇਲਿਆਂ ਤੋਂ ਇਲਾਵਾ ਮੇਰਠ ਤੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਚੱਪੜਚਿੜੀ ਵਿਚ ਕਈ ਇਨਾਮ ਜਿੱਤੇ ਹਨ | ਉਸ ਨੇ ਇਨਾਮੀ ਮੱਝ 51 ਲੱਖ ਰੁਪਏ 'ਚ ਕੁੱਝ ਸਮਾਂ ਪਹਿਲਾਂ ਵੇਚੀ ਸੀ ਤੇ ਪੰਜਾਬੀਆਂ ਵਲੋਂ ਕਿਸਾਨਾਂ ਲਈ ਜਗ੍ਹਾ-ਜਗ੍ਹਾ ਲਾਏ ਲੰਗਰਾਂ ਨੇ ਉਸ ਦੇ ਮਨ 'ਤੇ ਡੂੰਘਾ ਪ੍ਰਭਾਵ ਛੱਡਿਆ |
ਪੋਹ ਦੀ ਠੰਢ 'ਚ ਅਪਣੀਆਂ ਮੰਗਾਂ ਲਈ ਖੁਲ੍ਹੇ ਅੰਬਰ ਹੇਠ ਬੈਠੇ ਕਿਸਾਨ ਲਈ ਸੁਖਬੀਰ ਢਾਂਡਾ ਵਲੋਂ ਜਲੇਬੀਆਂ, ਬਦਾਣਾ, ਗੁਲਾਬ ਜਾਮਨ ਅਤੇ ਟਿੱਕੀ ਦਾ ਲੰਗਰ ਲਾਇਆ ਜਾਂਦਾ ਹੈ | ਉਹ ਦਸਦਾ ਹੈ ਕਿ ਕੁੱਝ ਦਿਨ ਲੰਗਰ ਲਾਉਣ ਤੋਂ ਬਾਅਦ ਉਹ ਪਿੰਡ ਚਲਾ ਗਿਆ ਪਰ ਉਸ ਦਾ ਘਰ ਦਿਲ ਨਹੀਂ ਲੱਗਿਆ ਤੇ ਮੁੜ ਟਿਕਰੀ ਬਾਰਡਰ 'ਤੇ ਆ ਗਿਆ ਕਿਉਾਕਿ ਪਿਛਲੇ ਇਕ ਦਹਾਕੇ ਤੋਂ ਪਸ਼ੂ ਪਾਲਕ ਹੋਣ ਕਰ ਕੇ ਉਹ ਪੰਜਾਬ ਤੇ ਪੰਜਾਬੀਆਂ ਨਾਲ ਜੁੜਿਆ ਹੋਇਆ ਹੈ | ਪੰਜਾਬ ਦੇ ਪਿੰਡਾਂ ਵਿਚ ਆਉਣਾ-ਜਾਣਾ ਰਹਿੰਦਾ ਹੈ | ਉਸ ਨੇ ਦਸਿਆ ਕਿ 2002 'ਚ ਉਸ ਨੇ ਸਾਹੀਵਾਲ ਗਾਵਾਂ ਪਾਲੀਆਂ ਸਨ ਪਰ ਬਾਅਦ 'ਚ ਉਸ ਨੇ ਚੰਗੀ ਨਸਲ ਦੀਆਂ ਮੱਝਾਂ ਰੱਖ ਲਈਆਂ | ਉਸ ਦੇ ਮਨ 'ਚ ਕੇਂਦਰ ਸਰਕਾਰ ਵਿਰੁਧ ਗੁੱਸਾ ਹੈ | ਉਹ ਕਹਿੰਦਾ ਹੈ ਕਿ ਜਦੋਂ ਲੂਣ ਦੀ ਥੈਲੀ, ਦੰਦਾਂ ਦੇ ਬੁਰਸ਼ ਤੋਂ ਲੈ ਕੇ ਹਰ ਤਰ੍ਹਾਂ ਦੇ ਸਾਮਾਨ ਦਾ ਭਾਅ ਕੰਪਨੀ ਜਾਂ ਨਿਰਮਾਤਾ ਤੈਅ ਕਰਦਾ ਹੈ ਤਾਂ ਫਿਰ ਕਿਸਾਨ ਦੀ ਫ਼ਸਲ ਦਾ ਭਾਅ ਕਿਸਾਨ ਕਿਉਾ ਤੈਅ ਨਹੀਂ ਕਰ ਸਕਦਾ | ਉਹ ਕਹਿੰਦਾ ਹੈ ਕਿ ਕਿਸਾਨ ਠੰਢ ਦੀਆਂ ਰਾਤਾਂ ਸੜਕਾਂ 'ਤੇ ਗੁਜ਼ਾਰ ਰਿਹਾ ਹੈ | ਸਰਕਾਰ ਦਾ ਕੋਈ ਮੰਤਰੀ ਇਕ ਰਾਤ ਠੰਢ ਵਿਚ ਰਹਿ ਕੇ ਦਿਖਾਏ | ਕੁੱਝ ਲੋਕਾਂ ਵਲੋਂ ਐਸਵਾਈਐਲ ਦਾ ਮੁੱਦਾ ਮੁੜ ਉਭਾਰਨ ਦੇ ਯਤਨ ਬਾਰੇ ਉਹ ਕਹਿੰਦਾ ਹੈ ਕਿ ਪਹਿਲਾਂ ਜ਼ਮੀਨ ਵਾਲਾ ਅੰਦੋਲਨ ਲੜ ਲਈਏ, ਐਸਵਾਈਐਲ ਤਾਂ ਦੋਵੇਂ ਭਾਈ (ਪੰਜਾਬ ਤੇ ਹਰਿਆਣਾ) ਬਾਅਦ ਵਿਚ ਦੇਖ ਲੈਣਗੇ |
ਫ਼ੋਟੋ: ਦਿੱਲੀ-ਲੰਗਰ
+
image