
ਕਿਸਾਨ ਮੋਰਚੇ ’ਚ ਹਿੱਸਾ ਲੈ ਰਹੇ ਪੰਜਾਬ ਤੋਂ ਗਏ ਅਧਿਆਪਕ ਕੁੰਡਲੀ ਤੇ ਸਿੰਘੂ ਬਾਰਡਰ ਨੇੜਲੇ ਗ਼ਰੀਬ ਬੱਚਿਆਂ ਨੂੰ ਪੜ੍ਹਾ ਰਹੇ ਹਨ ਮੁਫ਼ਤ
ਚੰਡੀਗੜ੍ਹ, 31 ਦਸੰਬਰ (ਨੀਲ ਭਲਿੰਦਰ ਸਿੰਘ) : ਕਾਲੇ ਖੇਤੀਬਾੜੀ ਕਾਨੂੰਨਾਂ ਵਿਰੁਧ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿਚ ਦਿੱਲੀ ਦੀਆਂ ਬਰੂਹਾਂ ’ਤੇ ਜਾਰੀ ਕਿਸਾਨ ਸੰਘਰਸ਼ ਕਈ ਪਹਿਲੂਆਂ ਤੋਂ ਵਿਲੱਖਣ ਸਾਬਤ ਹੁੰਦਾ ਜਾ ਰਿਹਾ ਹੈ। ਦਿੱਲੀ ਦੇ ਕੁੰਡਲੀ/ਸਿੰਘੂ ਬਾਰਡਰ ਦੇ ਆਸ-ਪਾਸ ਰਹਿੰਦੇ ਪ੍ਰਵਾਸੀ ਗਰੀਬ ਮਜ਼ਦੂਰਾਂ ਦੇ ਬੱਚੇ ਜਿਹੜੇ ਕਦੇ ਵੀ ਸਕੂਲ ਨਹੀਂ ਗਏ, ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈਣ ਆਏ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਵਲੋਂ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਮੁੱਢਲੀ ਸਿਖਿਆ, ਭਾਸ਼ਾ ਗਿਆਨ, ਅੰਗਰੇਜ਼ੀ, ਹਿੰਦੀ, ਹਿਸਾਬ, ਸਧਾਰਨ ਵਿਗਿਆਨ, ਡਰਾਇੰਗ, ਸ਼ਖ਼ਸੀਅਤ ਉਸਾਰੀ, ਸਾਫ਼-ਸਫ਼ਾਈ ਰੱਖਣ ਲਈ ਗਿਆਨ ਆਦਿ ਦੀ ਪੜ੍ਹਾਈ, ਸਿਖਿਆ ਖੇਡ ਗਤੀਵਿਧੀਆਂ ਰਾਹੀਂ ਕਰਵਾਈ ਜਾਂਦੀ ਹੈ। ਉਨ੍ਹਾਂ ਨੂੰ ਅਧਿਆਪਕਾਂ ਦੁਆਰਾ ਵਧੀਆ ਜ਼ਿੰਦਗੀ ਜਿਊਣ ਦਾ ਤਰੀਕਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਕੀਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦਸਿਆ ਕਿ ਇਨ੍ਹਾਂ ਬੱਚਿਆਂ ਨੂੰ ਉਹ ਖ਼ੁਦ ਆਪ, ਅਧਿਆਪਕ ਕੰਵਲਜੀਤ ਕੌਰ, ਨਵਜੋਤ ਕੌਰ, ਅਰਵਿੰਦਰਜੀਤ ਸਿੰਘ, ਜੀਵਨਜੋਤ ਸਿੰਘ, ਸੋਨਮ, ਗੌਰਵਜੀਤ ਸਿੰਘ ਆਦਿ ਇਨ੍ਹਾਂ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾ ਰਹੇ ਹਨ।
ਉਨ੍ਹਾਂ ਦਸਿਆ ਕੀ ਦਿੱਲੀ ਦੇ ਸਿੰਘੂ ਬਾਰਡਰ, ਕੇ.ਐਫ਼.ਸੀ. ਮਾਲ ਰੈਸਟੋਰੈਂਟ ਦੇ ਨੇੜੇ ਸਾਂਝੀ ਸੱਥ ਕਿਸਾਨ ਮੋਰਚਾ ਵਲੋਂ ਇਨ੍ਹਾਂ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਪੈਨ, ਪੈਂਨਸਿਲਾਂ ਆਦਿ ਸਾਰਾ ਸਿਖਿਆ ਸਮਾਨ (ਮੈਟੀਰੀਅਲ) ਆਦਿ ਮੁਫ਼ਤ ਵਿਚ ਦਿਤਾ ਜਾਂਦਾ ਹੈ। ਇਹ ਜਮਾਤਾਂ ਹਰ ਰੋਜ਼ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਲਗਾਈ ਜਾਂਦੀ ਹੈ।