
‘ਰੋਜ਼ਾਨਾ ਸਪੋਕਸਮੈਨ’ ਦੀ ਖ਼ਬਰ ਨਾਲ ਪੰਥਕ ਹਲਕਿਆਂ ’ਚ ਤਰਥੱਲੀ ਮਚੀ
‘ਬਾਦਲ ਦਲ ਵਲੋਂ ਡੇਰਾ ਪੇ੍ਰਮੀਆਂ ਨੂੰ ਸਿਰੋਪਾਉ ਦੇ ਕੇ ਪੰਥਦਰਦੀਆਂ ਦੇ ਵਲੂੰਧਰੇ ਜਾ ਰਹੇ ਹਨ ਹਿਰਦੇ’
ਕੋਟਕਪੂਰਾ, 31 ਦਸੰਬਰ (ਗੁਰਿੰਦਰ ਸਿੰਘ) : ਅਕਾਲੀ ਦਲ ਬਾਦਲ ਵਲੋਂ ਇਕ ਡੇਰਾ ਪੇ੍ਰਮੀ ਨੂੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਦੇਣ ਦੀ ਰੋਜ਼ਾਨਾ ਸਪੋਕਸਮੈਨ ਵਿਚ ਪ੍ਰਕਾਸ਼ਤ ਹੋਈ ਖ਼ਬਰ ਨੇ ਪੰਥਕ ਹਲਕਿਆਂ ’ਚ ਤਰਥੱਲੀ ਮਚਾ ਕੇ ਰੱਖ ਦਿਤੀ ਹੈ। ਸਿੱਖ ਧਰਮੀ ਫ਼ੌਜੀ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ, ਜ਼ਿਲ੍ਹਾ ਫ਼ਰੀਦਕੋਟ ਤੋਂ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਅਤੇ ਜ਼ਿਲ੍ਹਾ ਬਠਿੰਡਾ ਤੋਂ ਪ੍ਰਧਾਨ ਸੁਰੈਣ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਦਲ ਨੇ ਸਾਡੇ ਵਲੋਂ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਐਨੀ ਵੱਡੀ ਕੁਰਬਾਨੀ ਦੇ ਬਾਵਜੂਦ ਇਕ ਵਾਰ ਸਿਰੋਪਾਉ ਤਕ ਦੇਣ ਦੀ ਬੇਨਤੀ ਨਾ ਮੰਨੀ ਗਈ ਤੇ ਹੁਣ ਡੇਰਾ ਪੇ੍ਰਮੀਆਂ ਨੂੰ ਸਿਰੋਪਾਉ ਦੇ ਕੇ ਪੰਥਦਰਦੀਆਂ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ। ਉਨ੍ਹ ਦਾਅਵਾ ਕੀਤਾ ਕਿ ਅਕਾਲੀ ਦਲ ਬਾਦਲ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਇਸ ਦਾ ਖ਼ਮਿਆਜ਼ਾ ਲੋਕ ਕਚਹਿਰੀ ਵਿਚ ਜ਼ਰੂਰ ਭੁਗਤਣਾ ਪਵੇਗਾ।
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ ਨੇ ਸੌਦਾ ਸਾਧ ਦੇ ਚੇਲੇ ਕੇਵਲ ਸਿੰਘ ਪੇ੍ਰਮੀ ਨੂੰ ਅਕਾਲੀ ਦਲ ਬਾਦਲ ਦੇ ਐਸ.ਸੀ. ਵਿੰਗ ਦਾ ਜ਼ਿਲ੍ਹਾ ਪ੍ਰਧਾਨ ਥਾਪਣ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਾਰ ਦਿਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀਆਂ ਦਾ ਡੇਰਾ ਪੇ੍ਰਮੀਆਂ ਨਾਲ ਅਜੇ ਵੀ ਪਿਆਰ ਬਰਕਰਾਰ ਹੈ ਕਿਉਂਕਿ ਜਸਟਿਸ ਰਣਜੀਤ ਸਿੰਘ ਦੀ ਜਾਂਚ ਰੀਪੋਰਟ ਮੁਤਾਬਕ ਬੇਅਦਬੀ ਕਾਂਡ ਵਿਚ ਡੇਰਾ ਪੇ੍ਰਮੀਆਂ ਦਾ ਸਿੱਧਾ ਹੱਥ ਹੈ। ਉਨ੍ਹਾਂ ਇਸ ਮਾਮਲੇ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਣੀ ਚੁੱਪੀ ਤੋੜਨ ਦੀ ਨਸੀਅਤ ਦਿਤੀ।