
ਸਰਸਾ ਨੰਗਲ ਦਾ ਰਹਿਣ ਵਾਲਾ ਹੈ ਨੌਜਵਾਨ
ਘਨੌਲੀ (ਗੁਰਵਿੰਦਰ ਸਿੰਘ) : ਸਰਸਾ ਨੰਗਲ ਦੇ ਵਸਨੀਕ ਨਵਜੋਤ ਸਿੰਘ ਸਪੁੱਤਰ ਤਾਰਾ ਸਿੰਘ ਵਾਸੀ ਪਿੰਡ ਸਰਸਾ ਨੰਗਲ ਜ਼ਿਲ੍ਹਾ ਰੋਪੜ ਜੋ ਕਿ ਭਾਰਤੀ ਹਵਾਈ ਫ਼ੌਜ ਵਿਚ ਫ਼ਲਾਈਂਗ ਅਫ਼ਸਰ ਬਣਿਆ ਹੈ। ਨਵਜੋਤ ਸਿੰਘ ਨੇ ਅਪਣੀ ਮੁਢਲੀ ਸਿਖਿਆ ਕੇਂਦਰੀ ਵਿਦਿਆਲਿਆ ਸੈਕਟਰ-31 ਚੰਡੀਗੜ੍ਹ ਤੋਂ ਹਾਸਲ ਕੀਤੀ।
Navjot Singh
ਉਸ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਉਸ ਨੇ ਮਹਾਰਾਜਾ ਰਣਜੀਤ ਸਿੰਘ ਏ.ਐਫ਼.ਪੀ.ਆਈ. ਮੁਹਾਲੀ ਵਿਖੇ ਦਾਖ਼ਲਾ ਲਿਆ। ਇਥੋਂ ਹੀ ਉਸ ਨੇ ਨੈਸ਼ਨਲ ਡਿਫ਼ੈਂਸ ਅਕੈਡਮੀ ਸੀ.ਆਈ.ਏ.ਐਫ਼ ਏਅਰ ਫ਼ੋਰਸ ਜੁਆਇਨ ਕੀਤਾ ਸੀ। ਇਸ ਅਕੈਡਮੀ ਵਿਚੋਂ ਹੀ ਨਵਜੋਤ ਸਿੰਘ ਸਿਖਿਆ ਪ੍ਰਾਪਤ ਕਰ 22 ਸਾਲ ਦੀ ਛੋਟੀ ਜਿਹੀ ਉਮਰ ਵਿਚ ਭਾਰਤੀ ਹਵਾਈ ਫ਼ੌਜ ਵਿਚ ਫ਼ਲਾਈਂਗ ਅਫ਼ਸਰ ਬਣ ਗਿਆ।
ਦਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਰਸਾ ਨੰਗਲ ਦੇ ਪਰਵਾਰਕ ਪਿਛੋਕੜ ਵਿਚ ਉਸ ਦੇ ਪਿਤਾ ਸੀ.ਆਈ.ਐਫ਼.ਐਸ ਵਿਚ ਅਸਾਮ ਵਿਖੇ ਤਾਇਨਾਤ ਹਨ ਤੇ ਸੇਵਾਵਾਂ ਨਿਭਾ ਰਹੇ ਹਨ। ਨਵਜੋਤ ਸਿੰਘ ਦੇ ਤਾਇਆ ਜੀ ਕੈਪਟਨ ਸਰਵਣ ਸਿੰਘ ਭਾਰਤੀ ਫ਼ੌਜ ਵਿਚੋਂ ਸੇਵਾ ਮੁਕਤ ਹਨ। ਉਸ ਦੇ ਨਾਨਾ ਜੀ ਸੂਬੇਦਾਰ ਜਗਨ ਨਾਥ ਭਾਰਤੀ ਫ਼ੌਜ ਵਿਚੋਂ ਬਤੌਰ ਸੂਬੇਦਾਰ ਸੇਵਾ ਮੁਕਤ ਹਨ ਤੇ ਇਸ ਦੇ ਨਾਲ ਹੀ ਉਸ ਦੇ ਮਾਮਾ ਜੀ ਵਿਜੈ ਚੌਹਾਨ ਭਾਰਤੀ ਨੇਵੀ ਵਿਚੋਂ ਪੈਂਟੀ ਅਫ਼ਸਰ ਦੇ ਅਹੁਦੇ ਤੋਂ ਸੇਵਾ ਮੁਕਤ ਹਨ।
ਨਵਜੋਤ ਸਿੰਘ ਸਰਸਾ ਨੰਗਲ ਦੀ ਇਸ ਫ਼ਲਾਈਂਗ ਅਫ਼ਸਰ ਬਣਨ ਦੀ ਪ੍ਰਾਪਤੀ ’ਤੇ ਪਿੰਡ ਸਰਸਾ ਨੰਗਲ ਅਤੇ ਪੂਰੇ ਇਲਾਕੇ ਵਿਚ ਇਕ ਖ਼ੁਸ਼ੀ ਦਾ ਮਾਹੌਲ ਹੈ ਤੇ ਸਾਰੇ ਇਲਾਕੇ ਵਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵਜੋਤ ਸਿੰਘ ਸਰਸਾ ਨੰਗਲ ਦੇ ਸਾਰੇ ਪਰਵਾਰ ਨੂੰ ਵੱਖ-ਵੱਖ ਵਰਗਾਂ ਸੰਸਥਾਵਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।