
CM ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿਚ ਕੀਤਾ ਸਵਾਗਤ
ਜਲੰਧਰ (ਨਿਰਮਲ ਸਿੰਘ, ਸਮਰਦੀਪ ਸਿੰਘ) : ਕੁੱਝ ਸਾਲ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ ਬਾਦਲ ’ਚ ਚਲੇ ਗਏ ਬੂਟਾ ਮੰਡੀ ਦੇ ਪ੍ਰਸਿੱਧ ਚਮੜਾ ਕਾਰੋਬਾਰੀ ਸੇਠ ਸਤਪਾਲ ਮੱਲ ਅੱਜ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਪਣੀ ਜਲੰਧਰ ਫੇਰੀ ਦੌਰਾਨ ਥੋੜੀ ਦੇਰ ਪਹਿਲਾਂ ਹੀ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਪੁੱਜੇ, ਜਿਥੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਨੇ ਸੇਠ ਸਤਪਾਲ ਮੱਲ ਨੂੰ ਕਾਂਗਰਸ ਪਾਰਟੀ ’ਚ ਸ਼ਾਮਲ ਕਰ ਲਿਆ।
ਕਰਤਾਰਪੁਰ ਹਲਕੇ ਤੋਂ ਅਕਾਲੀ ਬਸਪਾ ਵਿਚਾਲੇ ਗਠਜੋੜ ਹੋਣ ਤੋਂ ਬਾਅਦ ਹੀ ਸੇਠ ਸਤਪਾਲ ਮੱਲ ਨੇ ਅਕਾਲੀ ਦਲ ਬਾਦਲ ਦੇ ਪ੍ਰੋਗਰਾਮਾਂ ’ਚ ਜਾਣਾ ਘਟਾ ਦਿਤਾ ਹੋਇਆ ਸੀ ਅਤੇ ਉਨ੍ਹਾਂ ਦੇ ਕਈ ਦਿਨਾਂ ਤੋਂ ਹੀ ਕਾਂਗਰਸ ’ਚ ਮੁੜ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰੇ ਮੌਕੇ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜ ਲਿਆ। ਇਸ ਮੌਕੇ ਉਨ੍ਹਾਂ ਨਾਲ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹੋਰ ਆਗੂ ਸ਼ਾਮਲ ਸਨ।