
ਪ੍ਰਕਰਮਾ ’ਚ ਤੈਨਾਤ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਹੋਈ ਬੇਅਦਬੀ ਦੀ ਕੋਸ਼ਿਸ਼ ਨਾਕਾਮ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿਚ ਤੈਨਾਤ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਅੱਜ ਬੇਅਦਬੀ ਦੀ ਇਕ ਕੋਸ਼ਿਸ਼ ਨਾਕਾਮ ਕਰ ਦਿਤੀ ਗਈ। ਅੱਜ ਦੁਪਿਹਰ ਸਮੇ ਇਕ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਸ਼ਰਾਬ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਲਾਜ਼ਾ ਤੋਂ ਪ੍ਰਕਰਮਾ ਤਕ ਜਾਂਦੀ ਲਿਫਟ ਵਿਚ ਨਾਲ ਜਾ ਰਹੇ ਇਕ ਸੇਵਾਦਾਰ ਨੂੰ ਉਕਤ ਦੇ ਨਕਲੋ ਹਰਕਤ ’ਤੇ ਸ਼ੱਕ ਪੈ ਜਾਣ ਕਾਰਨ ਉਹ ਸੇਵਾਦਾਰਾਂ ਦੇ ਅੜਿੱਕੇ ਚੜ੍ਹ ਗਿਆ। ਉਕਤ ਵਿਅਕਤੀ ਉਸ ਸਮੇਂ ਵੀ ਨਸ਼ੇ ਦੀ ਹਾਲਤ ਵਿਚ ਲੱਗ ਰਿਹਾ ਸੀ।
ਦੁਪਿਹਰ ਸਮੇਂ ਕਾਨਪੁਰ ਤੋਂ ਆਏ ਸੁਮੀਤ ਨਾਮਕ ਵਿਅਕਤੀ ਕੋਲ ਸ਼ਰਾਬ ਦਾ ਇਕ ਕੁਆਟਰ ਸੀ ਜੋ ਉਸ ਨੇ ਜੈਕਟ ਹੇਠਾਂ ਲੁਕਾਇਆ ਹੋਇਆ ਸੀ ਜਦੋਂ ਉਹ ਪ੍ਰਕਰਮਾ ਵਿਚ ਦਾਖ਼ਲ ਹੋਣ ਲਈ ਲਿਫਟ ਰਾਹੀ ਉਤਰ ਰਿਹਾ ਸੀ ਤਾਂ ਉਸ ’ਤੇ ਸ਼ੱਕ ਪੈਣ ਕਾਰਨ ਇਕ ਸੇਵਾਦਾਰ ਨੇ ਉਕਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸ਼ਰਾਬ ਬਰਾਮਦ ਹੋਈ। ਉਸ ਦੀ ਸੂਚਨਾ ਤੁਰਤ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ ਨੂੰ ਦਿਤੀ, ਜਿਨ੍ਹਾਂ ਦੇ ਆਦੇਸ਼ ’ਤੇ ਇਸ ਵਿਅਕਤੀ ਨੂੰ ਗਲਿਆਰਾ ਚੌਕੀ ਵਿਚ ਐਸ ਐਚ ਓ ਪਰਮਜੀਤ ਸਿੰਘ ਦੇ ਹਵਾਲੇ ਕਰ ਦਿਤਾ ਗਿਆ।
ਸਖ਼ਤੀ ਨਾਲ ਪੁਛਗਿਛ ਕਰਨ ’ਤੇ ਉਕਤ ਨੇ ਦਸਿਆ ਕਿ ਉਹ ਕਾਨਪੁਰ ਦਾ ਰਹਿਣ ਵਾਲਾ ਹੈ ਤੇ ਪ੍ਰਵਾਰ ਨਾਲ ਦਰਬਾਰ ਸਾਹਿਬ ਆਇਆ ਹੈ। ਸ਼ਰਾਬ ਉਸ ਨੇ ਕਾਰ ਵਿਚ ਰਖਣੀ ਸੀ ਪਰ ਉਹ ਗ਼ਲਤੀ ਨਾਲ ਅਪਣੇ ਨਾਲ ਲੈ ਆਇਆ ਹੈ। ਉਸ ਮੁਤਾਬਕ ਉਹ ਪੇਸ਼ੇ ਵਜੋਂ ਵਕੀਲ ਹੈ। ਪੁਲਿਸ ਨੇ ਉਸ ਕੋਲੋਂ ਮੁਢਲੀ ਪੁਛਗਿਛ ਕਰ ਕੇ ਅਗਲੀ ਕਾਰਵਾਈ ਕਰਦਿਆਂ ਉਸ ਨੂੰ ਥਾਣਾ ਕੋਤਵਾਲੀ ਭੇਜ ਦਿਤਾ ਹੈ।