
ਇਸ ਵਿਚ ਏਸ਼ੀਆ ਦਾ ਸਭ ਤੋਂ ਵੱਡਾ ਕੇਬਲ ਬ੍ਰਿਜ ਬਣਾਇਆ ਜਾਵੇਗਾ
Punjab News: ਪੰਜਾਬ ਦਾ ਸੜਕੀ ਢਾਂਚਾ ਸਾਲ 2024 ਤੋਂ ਬਦਲਣ ਜਾ ਰਿਹਾ ਹੈ। ਪੰਜਾਬ ਵਿਚ 2024-2025 ਵਿਚ 5 ਗ੍ਰੀਨ-ਫੀਲਡ ਅਤੇ ਆਰਥਿਕ ਗਲਿਆਰੇ ਬਣਨ ਜਾ ਰਹੇ ਹਨ। ਜਿਸ ਦੀ ਜਾਣਕਾਰੀ ਦੇਸ਼ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਖ਼ੁਦ ਪਿਛਲੇ ਮਹੀਨੇ ਅੰਮ੍ਰਿਤਸਰ ਫੇਰੀ ਦੌਰਾਨ ਦਿੱਤੀ ਸੀ। ਇਨ੍ਹਾਂ 'ਚੋਂ ਸਭ ਤੋਂ ਅਹਿਮ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਹੈ, ਜੋ 2024 'ਚ ਹੀ ਬਣ ਕੇ ਤਿਆਰ ਹੋ ਜਾਵੇਗਾ।
ਇਸ ਤੋਂ ਇਲਾਵਾ ਅੰਮ੍ਰਿਤਸਰ-ਬਠਿੰਡਾ-ਜਾਮਨਗਰ (ਗੁਜਰਾਤ), ਲੁਧਿਆਣਾ-ਰੂਪਨਗਰ ਹਾਈਵੇਅ, ਲੁਧਿਆਣਾ-ਬਠਿੰਡਾ ਗ੍ਰੀਨ ਫੀਲਡ ਹਾਈਵੇਅ ਅਤੇ ਅਖੀਰ ਵਿਚ ਚੰਡੀਗੜ੍ਹ-ਅੰਬਾਲਾ ਕੋਟਪੁਤਲੀ ਗ੍ਰੀਨ ਹਾਈਵੇਅ ਹੈ। ਇਹ ਸਾਰੇ ਗਲਿਆਰੇ ਆਉਣ ਵਾਲੇ 2 ਸਾਲਾਂ ਵਿਚ ਮੁਕੰਮਲ ਹੋ ਜਾਣਗੇ। ਜਿਸ ਤੋਂ ਬਾਅਦ ਪੰਜਾਬ ਦੇ ਹਾਈਵੇਅ ਦਾ ਚਿਹਰਾ ਬਦਲਣ ਵਾਲਾ ਹੈ।
ਪੰਜਾਬ ਵਿਚ ਨੈਸ਼ਨਲ ਹਾਈਵੇਅ ਦੀ ਗੱਲ ਕਰੀਏ ਤਾਂ 2014 ਵਿਚ ਇਨ੍ਹਾਂ ਦੀ ਲੰਬਾਈ 1699 ਕਿਲੋਮੀਟਰ ਸੀ। ਹੁਣ NH 4239 ਕਿਲੋਮੀਟਰ ਲੰਬਾ ਹੈ, ਪਰ ਆਉਣ ਵਾਲੇ 2 ਸਾਲਾਂ ਵਿਚ ਅਤੇ 5 ਗਲਿਆਰਿਆਂ ਦੇ ਮੁਕੰਮਲ ਹੋਣ ਨਾਲ ਇਹ ਲੰਬਾਈ ਕਈ ਕਿਲੋਮੀਟਰ ਹੋਰ ਵਧਣ ਵਾਲੀ ਹੈ। ਇਹ 699 ਕਿਲੋਮੀਟਰ ਲੰਬਾ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਇਸ ਦੇ ਬਣ ਜਾਣ 'ਤੇ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ 'ਚ ਅਤੇ ਕਟੜਾ ਤੋਂ ਦਿੱਲੀ 6 ਘੰਟੇ 'ਚ ਪਹੁੰਚਣਾ ਸੰਭਵ ਹੋਵੇਗਾ। ਇਸ ਸਮੇਂ ਦਿੱਲੀ ਤੋਂ ਕਟੜਾ ਦੀ ਦੂਰੀ 727 ਕਿਲੋਮੀਟਰ ਹੈ ਅਤੇ ਇਸ ਮਾਰਗ ਦੇ ਬਣਨ ਨਾਲ ਇਹ ਦੂਰੀ 58 ਕਿਲੋਮੀਟਰ ਘੱਟ ਜਾਵੇਗੀ। ਦਿੱਲੀ ਦੇ ਕੇਐਮਪੀ ਤੋਂ ਸ਼ੁਰੂ ਹੋਣ ਵਾਲੇ ਹਰਿਆਣਾ ਵਿਚ ਬਣਾਏ ਜਾ ਰਹੇ ਇਸ ਐਕਸਪ੍ਰੈਸ ਵੇਅ ਦੀ ਲੰਬਾਈ 137 ਕਿਲੋਮੀਟਰ ਹੈ। ਇਸ ਪੰਜਾਬ ਐਕਸਪ੍ਰੈਸ ਵੇਅ ਦੀ ਲੰਬਾਈ 399 ਕਿਲੋਮੀਟਰ ਹੈ, ਜਿਸ ਵਿਚੋਂ 296 ਕਿਲੋਮੀਟਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਜੰਮੂ-ਕਸ਼ਮੀਰ 'ਚ ਇਸ ਐਕਸਪ੍ਰੈੱਸ ਵੇਅ ਦੀ ਲੰਬਾਈ 135 ਕਿਲੋਮੀਟਰ ਹੈ, ਜਿਸ 'ਚੋਂ 120 ਕਿਲੋਮੀਟਰ ਦਾ ਨਿਰਮਾਣ ਚੱਲ ਰਿਹਾ ਹੈ। ਪੰਜਾਬ ਵਿਚ, ਇਹ ਐਕਸਪ੍ਰੈਸਵੇਅ ਪਟਿਆਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ ਵਰਗੇ ਉਦਯੋਗਿਕ ਖੇਤਰਾਂ ਵਿੱਚੋਂ ਲੰਘੇਗਾ। ਇਸ ਐਕਸਪ੍ਰੈਸ ਵੇਅ ਦਾ ਸਿਰਫ਼ 17 ਫ਼ੀਸਦੀ ਕੰਮ ਹੀ ਪੂਰਾ ਹੋਇਆ ਹੈ।
ਇਸ ਕੋਰੀਡੋਰ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਬਿਆਸ ਦਰਿਆ ਉੱਤੇ ਏਸ਼ੀਆ ਦਾ ਸਭ ਤੋਂ ਲੰਬਾ 1300 ਮੀਟਰ ਲੰਬਾ ਕੇਬਲ-ਸਟੇਡ ਪੁਲ ਹੈ। ਇੱਥੇ ਇੱਕ ਗੈਲਰੀ ਵੀ ਬਣਾਈ ਜਾ ਰਹੀ ਹੈ, ਜਿਸ ਵਿੱਚ ਲੋਕ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਇਹ ਐਕਸਪ੍ਰੈਸ ਵੇਅ ਸਿੱਖ ਕੌਮ ਦੇ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ, ਕਪੂਰਥਲਾ ਜ਼ਿਲ੍ਹੇ ਵਿੱਚ ਸਥਿਤ ਸੁਲਤਾਨਪੁਰ ਲੋਧੀ ਗੁਰਦੁਆਰਾ, ਗੋਇੰਦਵਾਲ ਸਾਹਿਬ ਗੁਰਦੁਆਰਾ, ਖੰਡੂਰ ਸਾਹਿਬ ਗੁਰਦੁਆਰਾ, ਗੁਰਦੁਆਰਾ ਦਰਬਾਰ ਸਾਹਿਬ (ਤਰਨਤਾਰਨ) ਨੂੰ ਮਾਤਾ ਵੈਸ਼ਨੋ ਦੇਵੀ ਨਾਲ ਜੋੜੇਗਾ।
(For more news apart from Punjab News, stay tuned to Rozana Spokesman)