
ਪੁਛਿਆ, ਕੀ ਆਰਐਸਐਸ ਭਾਜਪਾ ਦੇ ਗ਼ਲਤ ਕੰਮਾਂ ਦਾ ਸਮਰਥਨ ਕਰਦੀ ਹੈ?
New Delhi: ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਭਾਜਪਾ ’ਤੇ ਦਿੱਲੀ ਦੇ ਵੋਟਰਾਂ ਦੇ ਨਾਂ ਵੋਟਰ ਸੂਚੀ ’ਚੋਂ ਹਟਾਉਣ ਅਤੇ ਪੈਸੇ ਵੰਡਣ ਦਾ ਦੋਸ਼ ਲਗਾਇਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਰਐਸਐਸ ਮੁਖੀ ਨੂੰ ਲਿਖੀ ਚਿੱਠੀ ’ਚ ਕੇਜਰੀਵਾਲ ਨੇ ਕਈ ਸਵਾਲ ਖੜੇ ਕੀਤੇ ਹਨ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਭਾਗਵਤ ਨੂੰ ਪੁਛਿਆ ਕਿ ਕੀ ਆਰਐਸਐਸ ਭਾਜਪਾ ਦੁਆਰਾ ਕੀਤੇ ਗ਼ਲਤ ਕੰਮਾਂ ਦਾ ਸਮਰਥਨ ਕਰਦੀ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਆਰਐਸਐਸ ਭਾਜਪਾ ਆਗੂਆਂ ਵਲੋਂ ਵੋਟਾਂ ਖ਼੍ਰੀਦਣ ਲਈ ਪੈਸੇ ਦੀ ਖੁਲ੍ਹੇ ਤੌਰ ’ਤੇ ਵੰਡ ਅਤੇ ਭਗਵਾ ਪਾਰਟੀ ਵਲੋਂ ‘ਵੱਡੇ ਪੱਧਰ ’ਤੇ’ ਵੋਟਰ ਸੂਚੀਆਂ ’ਚੋਂ ਪੂਰਵਾਂਚਲੀ ਅਤੇ ਦਲਿਤ ਵੋਟਰਾਂ ਦੇ ਨਾਮ ਹਟਾਏ ਜਾਣ ਦਾ ਸਮਰਥਨ ਕਰਦੀ ਹੈ?
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ‘ਆਪ’ ਅਤੇ ਕੇਜਰੀਵਾਲ ’ਤੇ ਦਿੱਲੀ ’ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਰੋਹਿੰਗਿਆ ਅਤੇ ਬੰਗਲਾਦੇਸ਼ੀਆਂ ਨੂੰ ਦਸਤਾਵੇਜ਼ ਮੁਹਈਆ ਕਰਵਾ ਕੇ ਅਤੇ ਪੈਸੇ ਵੰਡ ਕੇ ਚੋਣਾਂ ’ਚ ਵੋਟ ਬੈਂਕ ਦੇ ਤੌਰ ’ਤੇ ਇਸਤੇਮਾਲ ਕਰਨ ਦਾ ਦੋਸ਼ ਲਾਇਆ ਹੈ। ਦਸਣਯੋਗ ਹੈ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਫ਼ਰਵਰੀ ਵਿਚ ਚੋਣਾਂ ਹੋਣ ਦੀ ਸੰਭਾਵਨਾ ਹੈ।