
ਗੁਰਦਵਾਰਿਆਂ 'ਤੇ ਕਬਜ਼ਾ ਕਰਨ ਸਬੰਧੀ ਮਨਜਿੰਦਰ ਸਿੰਘ ਸਿਰਸਾ ਦੇ ਲਾਏ ਗਏ ਇਲਜ਼ਾਮਾਂ ਮਗਰੋਂ ਬੀਜੇਪੀ ਅਤੇ ਅਕਾਲੀ ਦਲ ਦਰਮਿਆਨ ਸ਼ਬਦੀ ਜੰਗ ਪੂਰੀ ਤਰ੍ਹਾਂ ਭਖ ਚੁੱਕੀ ਹੈ...
ਚੰਡੀਗੜ੍ਹ (ਨੀਲ) : ਗੁਰਦਵਾਰਿਆਂ 'ਤੇ ਕਬਜ਼ਾ ਕਰਨ ਸਬੰਧੀ ਮਨਜਿੰਦਰ ਸਿੰਘ ਸਿਰਸਾ ਦੇ ਲਾਏ ਗਏ ਇਲਜ਼ਾਮਾਂ ਮਗਰੋਂ ਬੀਜੇਪੀ ਅਤੇ ਅਕਾਲੀ ਦਲ ਦਰਮਿਆਨ ਸ਼ਬਦੀ ਜੰਗ ਪੂਰੀ ਤਰ੍ਹਾਂ ਭਖ ਚੁੱਕੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਾਇਆ ਸੀ ਕਿ ਬੀਜੇਪੀ, ਸਿੱਖਾਂ ਦੇ ਮਸਲਿਆਂ ਵਿਚ ਦਖ਼ਲਅੰਦਾਜ਼ੀ ਕਰ ਰਹੀ ਹੈ। ਸਿਰਸਾ ਨੇ ਤਾਂ ਇਥੋਂ ਤਕ ਕਹਿ ਦਿਤਾ ਸੀ ਕਿ ਉਨ੍ਹਾਂ ਨੂੰ ਬੀਜੇਪੀ ਨਾਲ ਗਠਜੋੜ ਟੁੱਟਣ ਦੀ ਪਰਵਾਹ ਨਹੀਂ ਬਲਕਿ ਉਹ ਸਿੱਖ ਮੁੱਦਿਆਂ ਲਈ ਲੜਦੇ ਰਹਿਣਗੇ ਅਤੇ ਗੁਰਦਵਾਰਿਆਂ 'ਤੇ ਕਬਜ਼ੇ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦਿਤੇ ਜਾਣਗੇ।
ਰਾਸ਼ਟਰੀ ਸਿੱਖ ਸੰਗਤ ਨੇ ਮਨਜਿੰਦਰ ਸਿੰਘ ਸਿਰਸਾ ਦੇ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਸਿੱਖ ਮੁੱਦਿਆਂ 'ਤੇ ਕੰਮ ਕਰਨਾ ਸਿਰਫ਼ ਅਕਾਲੀ ਦਲ ਦਾ ਏਕਾਧਿਕਾਰ ਨਹੀਂ ਹੈ। ਆਰਐਸਐਸ ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਤਾਂ ਇਥੋਂ ਤਕ ਇਲਜ਼ਾਮ ਲਾ ਦਿਤਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਗੁਰਦਵਾਰਿਆਂ ਦੀ ਵਰਤੋਂ ਅਪਣੇ ਸਿਆਸੀ ਹਿੱਤ ਪੂਰੇ ਕਰਨ ਲਈ ਕਰਦਾ ਰਿਹਾ ਹੈ। ਉਨ੍ਹਾਂ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਿਵਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਅਪਣੇ ਸਿਆਸੀ ਮੁਫ਼ਾਦ ਲਈ ਡੇਰਾ ਸਿਰਸਾ ਮੁਖੀ ਸੌਦਾ ਸਾਧ ਨੂੰ ਮਾਫ਼ੀ ਦਿਵਾਈ ਸੀ।
ਇਹੀ ਨਹੀਂ, ਅਕਾਲੀ ਦਲ ਨੇ ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤਰਫ਼ੋ 82 ਲੱਖ ਰੁਪਏ ਦਾ ਵਿਗਿਆਪਨ ਦਿਵਾਇਆ ਤਾਂ ਜੋ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲਈਆਂ ਜਾ ਸਕਣ। ਬੀਜੇਪੀ ਦੇ ਚੋਣ ਨਿਸ਼ਾਨ 'ਤੇ ਦਿੱਲੀ ਦੀ ਵਿਧਾਨ ਸਭਾ ਵਿਚ ਪਹੁੰਚੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਆਰਐਸਐਸ ਆਗੂ ਨੇ ਚੁਨੌਤੀ ਦਿੰਦਿਆਂ ਕਿਹਾ ਕਿ ਪਹਿਲਾਂ ਉਹ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਇਸ ਤੋਂ ਬਾਅਦ ਕੋਈ ਗੱਲ ਕਰਨ। ਉਨ੍ਹਾਂ ਕਿਹਾ ਕਿ ਬਤੌਰ ਪਾਰਟੀ ਵਿਧਾਇਕ ਹੁੰਦਿਆਂ ਉਨ੍ਹਾਂ ਨੂੰ ਬੀਜੇਪੀ ਦੀ ਅਲੋਚਨਾ ਕਰਨ ਦਾ ਕੋਈ ਹੱਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਤਖ਼ਤ ਨਾਂਦੇੜ ਸਾਹਿਬ ਬੋਰਡ ਦਾ ਨਿਰਮਾਣ ਮਹਾਂਰਾਸ਼ਟਰ ਸਰਕਾਰ ਦਾ ਹੈ ਕਿਉਂਕਿ ਇਹ ਕਾਨੂੰਨ ਤਹਿਤ ਹੁੰਦਾ ਹੈ ਅਤੇ ਪਹਿਲਾਂ ਵੀ ਉਸ ਕਾਨੂੰਨ ਵਿਚ ਸਰਕਾਰ ਦੀ ਜ਼ਿੰਮੇਵਾਰੀ ਰੱਖੀ ਗਈ ਹੈ ਕਿ ਚੰਗੇ ਗੁਰਸਿੱਖਾਂ ਨੂੰ ਸਮਾਜ ਸੇਵਾ ਅਤੇ ਸ੍ਰੀ ਤਖ਼ਤ ਸਾਹਿਬ ਦੀ ਸੇਵਾ ਲਈ ਅੱਗੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਅਜਿਹੇ ਗ਼ੈਰ ਸਿੱਖ ਵੀ ਹਨ ਜਿਹੜੇ ਤਖ਼ਤ ਸਾਹਿਬ ਦੀ ਸੇਵਾ ਵਿਚ ਵੱਡਾ ਯੋਗਦਾਨ ਦੇ ਸਕਦੇ ਹਨ।