
ਭਾਜਪਾ ਕਰਦੀ ਹੈ, ਦੇਸ਼ ਵਿਚ ਵੰਡ ਪਾਉਣ ਦੀ ਸਿਆਸਤ : ਮਨਪ੍ਰੀਤ ਬਾਦਲ
ਬਠਿੰਡਾ, 31 ਜਨਵਰੀ (ਸੁਖਜਿੰਦਰ ਮਾਨ): ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਭਾਜਪਾ ਦੇਸ਼ ਦੇ ਲੋਕਾਂ ਵਿਚ ਵੰਡ ਪਾਉਣ ਦੀ ਸਿਆਸਤ ਕਰਦੀ ਆ ਰਹੀ ਹੈ ਜਿਸ ਨਾਲ ਦੇਸ਼ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਲੀਡਰਾਂ ਨੂੰ ਫਿਕਰ ਅਤੇ ਫ਼ਰਜ਼ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਜੋ ਕਿ ਭਾਜਪਾ ਦੇ ਲੀਡਰਾਂ ਵਿਚ ਦੇਖਣ ਨੂੰ ਨਹੀਂ ਮਿਲਦਾ | ਪਰ ਇਸ ਦੇ ਉਲਟ ਕਾਂਗਰਸ ਪਾਰਟੀ ਲੋਕਾਂ ਨੂੰ ਜੋੜਨ ਦੀ ਸਿਆਸਤ ਕਰਦੀ ਹੈ ਅਤੇ ਫਿਰਕਾਪ੍ਰਸਤੀ ਦੀ ਸਿਆਸਤ ਨਹੀਂ ਕਰਦੀ | ਇਸ ਦੌਰਾਨ ਉਨ੍ਹਾਂ ਸ਼ਹਿਰ 'ਚ ਕਾਂਗਰਸ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਦਫ਼ਤਰਾਂ ਦਾ ਵੀ ਉਦਘਾਟਨ ਕੀਤਾ |
ਦੇਸ਼ ਦੇ ਵਿੱਤੀ ਹਾਲਾਤ ਤੇ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਭਾਜਪਾ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਹੈ | ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸੇਵਾ ਅਤੇ ਨਿਰਮਾਣ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇਹ ਸਿਰਫ਼ ਖੇਤੀਬਾੜੀ ਖੇਤਰ ਹੀ ਸੀ ਜੋ ਦੇਸ਼ ਦੀ ਆਰਥਕਤਾ ਨੂੰ ਬਚਾਉਣ ਲਈ ਲਾਹੇਵੰਦ ਸਾਬਤ ਹੋਇਆ | ਜਦੋਂ ਫ਼ੈਕਟਰੀਆਂ ਬੰਦ ਹੋ ਗਈਆਂ ਅਤੇ ਸੇਵਾ ਖੇਤਰ ਵਿਚ ਗਿਰਾਵਟ ਆਈ ਤਾਂ ਕਿਸਾਨਾਂ ਨੇ ਅਪਣਾ ਕੰਮ ਕਰਨਾ ਜਾਰੀ ਰਖਿਆ ਅਤੇ ਕੋਰੋਨਾ ਦੇ ਬਾਵਜੂਦ ਫ਼ਸਲਾਂ ਦੀ ਕਾਸ਼ਤ ਜਾਰੀ ਰੱਖੀ | ਪਰ ਇਸ ਦੇ ਬਾਵਜੂਦ ਆਉਣ ਵਾਲਾ ਕੇਂਦਰੀ ਬਜਟ ਖੇਤੀਬਾੜੀ ਖੇਤਰ ਲਈ ਝੂਠੇ ਵਾਅਦਿਆਂ ਦੀ ਪੋਟਲੀ ਹੀ ਸਾਬਿਤ ਹੋਵੇਗਾ |
ਇਸ ਮੌਕੇ ਵਿੱਤ ਮੰਤਰੀ ਨੇ ਬੋਲਦਿਆਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਲੋਕਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਨ੍ਹਾਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਪਾਰਟੀ ਇਨ੍ਹਾਂ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰੇਗੀ | ਇਸ ਮੌਕੇ ਵਿਤ ਮੰਤਰੀ ਨਾਲ ਜੈਜੀਤ ਸਿੰਘ ਜੌਹਲ, ਅਰੁਣ ਵਧਾਵਣ, ਰਾਜ ਨੰਬਰਦਾਰ, ਰਾਜਨ ਗਰਗ, ਜਗਤਾਰ ਸਿੰਘ ਬਾਬਾ, ਟਹਿਲ ਸਿੰਘ ਬੁੱਟਰ, ਕੰਵਲਜੀਤ ਸਿੰਘ ਭੰਗੂ, ਪਿਰਥੀਪਾਲ ਸਿੰਘ ਜਲਾਲ, ਅਵਤਾਰ ਗੋਨਿਆਣਾ, ਬਲਜਿੰਦਰ ਸਿੰਘ ਠੇਕੇਦਾਰ, ਮਾਸਟਰ ਹਰਮਿੰਦਰ ਸਿੰਘ ਆਦਿ ਹਾਜ਼ਰ ਸਨ |
ਇਸ ਖ਼ਬਰ ਨਾਲ ਸਬੰਧਤ ਫੋਟੋ 31 ਬੀਟੀਆਈ 02 ਨੰਬਰ ਵਿimageਚ ਭੇਜੀ ਜਾ ਰਹੀ ਹੈ |