
ਪਿੰਡ ਦੇਹਲਾ ਦੇ ਪੰਜ ਨੌਜਵਾਨ ਦਿੱਲੀ ਪੁਲਿਸ ਦੀ ਹਿਰਾਸਤ ’ਚ, ਨਹੀਂ ਲੱਗ ਰਿਹਾ ਕੋਈ ਥਹੁ-ਪਤਾ
ਲਹਿਰਾਗਾਗਾ, 31 ਜਨਵਰੀ (ਜਤਿੰਦਰ ਜਲੂਰ): ਲਹਿਰਾਗਾਗਾ ਦੇ ਪਿੰਡ ਦੇਹਲਾਂ ਸੀਹਾਂ ਦੇ 5 ਨੌਜਵਾਨ ਜੋ ਕਿ ਟਿਕਰੀ ਅਤੇ ਸਿੰਘੂ ਬਾਰਡਰ ਉਤੇ ਸੰਘਰਸ਼ ਵਿਚ ਗਏ ਸਨ, ਨੂੰ ਦਿੱਲੀ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਹੁਣ ਤਕ ਕੋਈ ਥਹੁ ਪਤਾ ਨਾ ਲੱਗਣ ਦੇ ਕਾਰਨ ਨੌਜਵਾਨਾਂ ਦੇ ਪਰਵਾਰਾਂ ਦੇ ਨਾਲ-ਨਾਲ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਗਸੀਰ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ ਜੋ ਕਿ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਦਸੇ ਜਾ ਰਹੇ ਹਨ, ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਉਕਤ ਨੌਜਵਾਨ 25 ਜਨਵਰੀ ਨੂੰ ਧਰਨੇ ਵਿਚ ਸ਼ਾਮਲ ਹੋਣ ਲਈ ਗਏ ਸਨ। ਪਰ 27 ਜਨਵਰੀ ਨੂੰ ਇਕ ਬਾਰਡਰ ਤੋਂ ਦੂਜੇ ਬਾਰਡਰ ਅਤੇ ਜਾਂਦੇ ਸਮੇਂ ਉਕਤ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਅਪਣੀ ਹਿਰਾਸਤ ਵਿਚ ਲੈ ਲਿਆ, ਇਸ ਦੀ ਜਾਣਕਾਰੀ ਹਿਰਾਸਤ ਵਿਚ ਲਏ ਗਏ ਨੌਜਵਾਨਾਂ ਤੋਂ ਵਿਛੜੇ ਇਕ ਵਿਅਕਤੀ ਨੇ ਪਿੰਡ ਆ ਕੇ ਪਰਵਾਰਕ ਮੈਂਬਰਾਂ ਨੂੰ ਦਿਤੀ। ਪਰ ਪਰਵਾਰ ਵਾਲੇ ਅਜੇ ਵੀ ਸਦਮੇ ਵਿਚ ਹਨ ਕਿਉਂਕਿ ਉਕਤ ਵਿਅਕਤੀਆਂ ਦਾ ਪਰਵਾਰ ਵਾਲਿਆਂ ਨੂੰ ਕੁੱਝ ਨਹੀਂ ਪਤਾ ਕਿ ਉਨ੍ਹਾਂ ਨੂੰ ਦਿੱਲੀ ਪੁਲਿਸ ਵਲੋਂ ਕਿਥੇ ਰਖਿਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਤੁਰਤ ਰੱਦ ਕਰ ਕੇ ਹਿਰਾਸਤ ਵਿਚ ਲਏ ਗਏ, ਨੌਜਵਾਨਾਂ ਨੂੰ ਤੁਰਤ ਰਿਹਾਅ ਕਰ ਕੇ ਪਰਵਾਰ ਕੋਲ ਭੇਜਿਆ ਜਾਵੇ ਤਾਕਿ ਪਰਵਾਰ ਅਤੇ ਪਿੰਡ ਵਿਚ ਪਾਇਆ ਜਾ ਰਿਹਾ ਡਰ ਅਤੇ ਸਹਿਮ ਦਾ ਮਾਹੌਲ ਖ਼ਤਮ ਹੋ ਸਕੇ।
ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿਚੋਂ ਲੜੀ ਵਾਈਜ਼ ਨੌਜਵਾਨ ਵੱਖ-ਵੱਖ ਬਾਰਡਰਾਂ ਉਤੇ ਧਰਨੇ ਵਿਚ ਜਾਂਦੇ ਸਨ,ਪਿਛਲੇ ਦਿਨੀਂ 11 ਨੌਜਵਾਨ ਧਰਨੇ ਵਿਚ ਗਏ ਸਨ ਜਿਨ੍ਹਾਂ ਵਿਚੋਂ 27 ਜਨਵਰੀ ਨੂੰ ਪੰਜ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਅਪਣੀ ਹਿਰਾਸਤ ਵਿਚ ਲੈ ਲਿਆ ਪਰ ਉਨ੍ਹਾਂ ਨੂੰ ਕਿਥੇ ਰਖਿਆ ਗਿਆ ਹੈ ਅਤੇ ਕਿਸ ਹਾਲਤ ਵਿਚ ਹਨ। ਇਸ ਦੀ ਜਾਣਕਾਰੀ ਪਿੰਡ ਜਾਂ ਪਰਵਾਰਕ ਮੈਂਬਰਾਂ ਨੂੰ ਨਹੀਂ, ਜਿਸ ਦੇ ਕਾਰਨ ਪਿੰਡ ਵਾਲਿਆਂ ਵਿਚ ਜਿੱਥੇ ਡਰ ਤੇ ਸਹਿਮ ਦਾ ਮਾਹੌਲ ਹੈ, ਉਥੇ ਸਰਕਾਰ ਪ੍ਰਤੀ ਵੀ ਬਹੁਤ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਤੁਰਤ ਵਾਪਸ ਲੈ ਕੇ ਹਿਰਾਸਤ ਵਿਚ ਲਏ ਗਏ ਨੌਜਵਾਨਾਂ ਨੂੰ ਤੁਰਤ ਰਿਹਾਅ ਕੀਤਾ ਜਾਵੇ ਤਾਂ ਜੋ ਕਿਸਾਨਾਂ ਅਤੇ ਪਰਵਾਰਾਂ ਵਿਚ ਸਰਕਾਰ ਅਤੇ ਪੁਲਿਸ ਪ੍ਰਤੀ ਪਣਪ ਰਿਹਾ ਰੋਹ ਖ਼ਤਮ ਹੋ ਸਕੇ ।