
ਸ਼ਰਦ ਪਵਾਰ ਵੀ ਖੇਤੀ ਕਾਨੂੰਨਾਂ ’ਚ ਸੁਧਾਰ ਲਿਆਉਣ ਦੇ ਹੱਕ ’ਚ ਸਨ : ਨਰਿੰਦਰ ਤੋਮਰ
ਨਵੀਂ ਦਿੱਲੀ, 31 ਜਨਵਰੀ: ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਐਤਵਾਰ ਨੂੰ ਖੇਤੀ ਕਾਨੂੰਨਾਂ ’ਤੇ ਸ਼ਰਦ ਪਵਾਰ ਦੇ ਰੁਖ਼ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਇਕ ਤਜਰਬੇਕਾਰ ਸਿਆਸੀ ਆਗੂ ਅਤੇ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਹਨ, ਜਿਨ੍ਹਾਂ ਨੂੰ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ਅਤੇ ਹੱਲ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਹੈ। ਤੋਮਰ ਨੇ ਕਿਹਾ ਕਿ ਸ਼ਰਦ ਪਵਾਰ ਵੀ ਪਹਿਲਾਂ ਇਸ ਤਰ੍ਹਾਂ ਦੇ ਖੇਤੀ ਕਾਨੂੰਨਾਂ ਦੇ ਪੱਖ ’ਚ ਸਨ ਅਤੇ ਇਸ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਵੀ ਕੀਤੀ ਸੀ।
ਤੋਮਰ ਨੇ ਕਿਹਾ ਕਿ ਸ਼੍ਰੀ ਪਵਾਰ ਇਕ ਸੀਨੀਅਰ ਆਗੂ ਹੈ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਾਹਮਣੇ ਤੱਥ ਗ਼ਲਤ ਤਰੀਕੇ ਨਾਲ ਪੇਸ਼ ਕੀਤੇ ਹਨ। ਹੁਣ ਜਦੋਂ ਉਨ੍ਹਾਂ ਨੂੰ ਸਹੀ ਤੱਥਾਂ ਦੀ ਜਾਣਕਾਰੀ ਹੋ ਗਈ ਹੈ ਤਾਂ ਮੈਨੂੰ ਲੱਗਦਾ ਹੈ ਕਿ ਖੇਤੀ ਸੁਧਾਰਾ ਪ੍ਰਤੀ ਉਹ ਅਪਣਾ ਰਵਈਆ ਬਦਲਣਗੇ ਅਤੇ ਕਿਸਾਨਾਂ ਨੂੰ ਵੀ ਇਸ ਦੇ ਲਾਭ ਤੋਂ ਜਾਣੂ ਕਰਵਾਉਣਗੇ।
ਤੋਮਰ ਨੇ ਕਿਹਾ ਕਿ ਨਵੀਂ ਵਿਵਸਥਾ ’ਚ ਮੰਡੀਆਂ ਪ੍ਰਭਾਵਤ ਨਹੀਂ ਹੋ ਰਹੀਆਂ ਹਨ। ਇਸ ਦੇ ਸਥਾਨ ’ਤੇ ਮੰਡੀਆਂ ਹੁਣ ਸੇਵਾ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ ’ਚ ਵਧੇਰੇ ਪ੍ਰਤੀਯੋਗੀ ਅਤੇ ਕਿਫ਼ਾਇਤੀ ਸਾਬਤ ਹੋ ਸਕਣਗੀਆਂ। ਇਹ ਦੋਵੇਂ ਵਿਵਸਥਾਵਾਂ ਕਿਸਾਨਾਂ ਦੇ ਹਿਤ ਲਈ ਇਕੱਠੇ ਸਮਾਨ ਰੂਪ ਨਾਲ ਲਾਹੇਵੰਦ ਹੋਣਗੀਆਂ। (ਏਜੰਸੀ)