
ਜਿਹੜਾ ਸੰਕਲਪ ਘਰ ਤੋਂ ਲੈ ਕੇ ਆਏ ਹਾਂ ਉਸੇ ਸੰਕਲਪ ’ਤੇ ਹੀ ਖਰੇ ਉਤਰਾਂਗੇ : ਕਿਸਾਨ ਆਗੂ
ਨਵੀਂ ਦਿੱਲੀ, 31 ਜਨਵਰੀ (ਸੈਸ਼ਵ ਨਾਗਰਾ) : ਜਿਹੜਾ ਸੰਕਲਪ ਘਰ ਤੋਂ ਲੈ ਕੇ ਆਏ ਹਾਂ ਉਸੇ ਸੰਕਲਪ ’ਤੇ ਹੀ ਖਰੇ ਉਤਰਾਂਗੇ , ਹੁਣ ਜਾਂ ਕਾਨੂੰਨ ਰੱਦ ਹੋਣਗੇ ਜਾਂ ਸਾਡੀ ਲਾਸ਼ ਘਰ ਜਾਊਗੀ, ਦੋਹਾਂ ਵਿਚੋਂ ਇਕ ਫ਼ੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂ ਤੇਜਿੰਦਰਪਾਲ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਪੂਰੇ ਦੇਸ਼ ਵਿਚ ਮੋਦੀ ਸਰਕਾਰ ਵਿਰੁਧ ਗੁੱਸੇ ਦੀ ਹਨੇਰੀ ਲਿਆ ਦਿਤੀ ਹੈ, ਹੁਣ ਦੇਸ਼ ਦਾ ਹਰ ਵਰਗ ਕੇਂਦਰ ਸਰਕਾਰ ਦੀਆਂ ਫ਼ਿਰਕੂ ਚਾਲਾਂ ਨੂੰ ਸਮਝ ਚੁੱਕਿਆ ਹੈ ਜਿਸ ਵਿਰੁਧ ਦੇਸ਼ ਦੇ ਲੋਕ ਇਕਜੁਟ ਹੋ ਚੁੱਕੇ ਹਨ, ਸੰਘਰਸ਼ ਹੋਰ ਵੀ ਮਜ਼ਬੂਤ ਹੋ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਨੀਤੀ ਨੂੰ ਅਪਣਾਇਆ ਗਿਆ ਪਰ ਸਦਕੇ ਜਾਈਏ ਦੇਸ਼ ਦੇ ਲੋਕਾਂ ਨੇ ਕੇਂਦਰ ਸਰਕਾਰ ਦੀ ਇਸ ਕੋਝੀ ਚਾਲ ਨੂੰ ਵੀ ਫ਼ੇਲ੍ਹ ਕਰ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਦੀ ਭਾਵਨਾਤਮਕ ਅਪੀਲ ਨੇ ਕੁੱਝ ਹੀ ਘੰਟਿਆਂ ਵਿਚ ਕਿਸਾਨੀ ਅੰਦੋਲਨ ਦੀ ਤਸਵੀਰ ਹੀ ਬਦਲ ਕੇ ਰੱਖ ਦਿਤੀ ਹੈ।