
ਕੇਜਰੀਵਾਲ ਨੇ ਦਿੱਲੀ ’ਚ ਬੇਮੌਸਮੀ ਮੀਂਹ ਕਾਰਨ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦਿਤਾ
ਨਵੀਂ ਦਿੱਲੀ, 31 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ ਸਕੱਤਰੇਤ ਵਿਚ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿਤਾ, ਜਿਨ੍ਹਾਂ ਦੀ ਫ਼ਸਲ ਪਿਛਲੇ ਸਾਲ ਅਕਤੂਬਰ ਮਹੀਨੇ ਬੇਮੌਸਮੀ ਮੀਂਹ ਕਾਰਨ ਖ਼ਰਾਬ ਹੋ ਗਈ ਸੀ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਅਕਤੂਬਰ ’ਚ ਕਿਸਾਨਾਂ ਦੀ ਫ਼ਸਲ ਖ਼ਰਾਬ ਹੋਈ ਸੀ, ਅੱਜ ਉਨ੍ਹਾਂ ਨੂੰ ਚੈੱਕ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਲਦੀ ਹੀ ਸਾਰਿਆਂ ਨੂੰ ਪੈਸਾ ਮਿਲ ਜਾਵੇਗਾ। 2 ਤੋਂ 3 ਲੱਖ ਰੁਪਏ ਤਕ ਦੇ ਚੈੱਕ ਦਿਤੇ ਗਏ ਹਨ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ। ਉਨ੍ਹਾਂ ਕਿਹਾ ਕਿ ਜਨਵਰੀ ’ਚ ਕਿਸਾਨਾਂ ਦੀ ਸਰ੍ਹੋਂ ਦੀ ਫ਼ਸਲ ਖ਼ਰਾਬ ਦੀ ਜਾਣਕਾਰੀ ਮਿਲੀ ਹੈ। ਉਸ ਲਈ ਵੀ ਸਰਵੇਅ ਦੇ ਆਦੇਸ਼ ਦੇ ਦਿਤੇ ਹਨ। ਸਰਵੇ ਤੋਂ ਬਾਅਦ ਇਸ ਦਾ ਵੀ ਮੁਆਵਜ਼ਾ ਦਿਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਕੋਈ ਦੇਸ਼ ਜਾਂ ਸੂਬਾ ਜੇਕਰ ਕਿਸਾਨਾਂ ਦਾ ਸਨਮਾਨ ਅਤੇ ਉਨ੍ਹਾਂ ਦੀ ਮਦਦ ਨਹੀਂ ਕਰਦਾ ਤਾਂ ਉਹ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾਲੇ ਤਕ ਫ਼ਸਲਾਂ ਨੂੰ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿਤਾ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭੁਗਤਾਨ ਵਿਚ ਕਿਸੇ ਵੀ ਦਿਕਤ ਤੋਂ ਬਚਣ ਲਈ ਮੁਆਵਜ਼ਾ ਤੈਅ ਕਰਨ ਲਈ ਇਕ ਸੁਖਾਲਾ ਤਰੀਕਾ ਅਪਣਾਇਆ ਹੈ। ਜੇਕਰ 70 ਫ਼ੀ ਸਦੀ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਤਾਂ 100 ਫ਼ੀ ਸਦੀ ਮੁਆਵਜ਼ਾ ਦਿਤਾ ਗਿਆ ਹੈ। ਮੁਆਵਜ਼ਾ ਪ੍ਰਤੀ ਏਕੜ 20,000 ਰੁਪਏ ਦੀ ਦਰ ਨਾਲ ਤੈਅ ਕੀਤਾ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਵਿਚ ਕਿਸਾਨਾ ਦੇ ਪੁੱਤਰ ਅਤੇ ਭਰਾ ਵਾਂਗੂ ਹਨ ਅਤੇ ਉਨ੍ਹਾਂ ਲਈ ‘ਆਪ’ ਸਰਕਾਰ ਦੇ ਦਰਵਾਜ਼ੇ ਹਮੇਸ਼ਾਂ ਖੁਲ੍ਹੇ ਹਨ। ਦਿੱਲੀ ਵਿਚ 45,000 ਕਿਸਾਨਾਂ ਨੂੰ ਕਰੀਬ 55 ਕਰੋੜ ਰੁਪਏ ਦਾ ਮੁਆਵਜ਼ਾ ਦਿਤਾ ਗਿਆ ਹੈ। ਇਨ੍ਹਾਂ ਕਿਸਾਨਾ ਦੀ ਫ਼ਸਲ ਪਿਛਲੇ ਸਾਲ ਅਕਤੂਬਰ ਵਿਚ ਬੇਮੌਸਮੀ ਮੀਂਹ ਕਰਨ ਬਰਬਾਦ ਹੋ ਗਈ ਸੀ। (ਪੀਟੀਆਈ)