
ਦਿੱਲੀ ਘਟਨਾ ਦੀ ਜੰਮੂ ਕਸ਼ਮੀਰ ਦੀਆਂ ਸਿੱਖ ਸੰਸਥਾਵਾਂ ਤੇ ਸਿੱਖ ਆਗੂਆਂ ਨੇ ਕੀਤੀ ਨਿੰਦਾ
ਜੰਮੂ, 1 ਫ਼ਰਵਰੀ (ਸਰਬਜੀਤ ਸਿੰਘ): ਅੱਜ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੀਆਂ ਸਿੱਖ ਸੰਸਥਾਵਾਂ ਦੀ ਇਕ ਹੰਗਾਮੀ ਮੀਟਿੰਗ ਹਰਚਰਨ ਸਿੰਘ ਖ਼ਾਲਸਾ ਦੀ ਦੇਖ ਰੇਖ ਵਿਚ ਗੁਰਦੁਆਰਾ ਖ਼ਾਲਸਾ ਚੌਕ ਵਿਖੇ ਬੁਲਾਈ ਗਈ ਜਿਸ ਵਿਚ ਇਲਾਕੇ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੀਟਿੰਗ ਦਾ ਮੁੱਖ ਮੰਤਵ ਦਿੱਲੀ ਵਿਚ ਸਿੱਖ ਬੱਚੀ ਨਾਲ ਵਾਪਰੇ ਘਟਨਾਕ੍ਰਮ ਸੀ ਜਿਸ ਵਿਚ ਹਾਜ਼ਰ ਸਾਰੇ ਹੀ ਪਤਵੰਤਿਆਂ ਨੇ ਕਰੜੇ ਸ਼ਬਦ ਵਿਚ ਨਿੰਦਾ ਕੀਤੀ ਅਤੇ ਇਸ ਘਟਨਾ ਲਈ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਬੁਲਾਰਿਆਂ ਨੇ ਇਸ ਘਟਨਾਕ੍ਰਮ ਤੇ ਬੋਲਦਿਆਂ ਸਪਸ਼ਟ ਸ਼ਬਦ ਵਿਚ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਅਤੇ ਸਰਕਾਰਾਂ ਦੇ ਸਿੱਖਾਂ ਪ੍ਰਤੀ ਵਤੀਰੇ ਕਾਰਨ ਭੂਤਰੇ ਹੋਏ ਲੋਕ ਨਿਤ ਰੋਜ਼ ਇਹੋ ਅਜਿਹੀਆ ਘਟਨਾਵਾਂ ਨੂੰ ਜਨਮ ਦਿੰਦੇ ਹਨ, ਕਾਨੂੰਨ ਇਹੋ ਜਿਹੇ ਲੋਕਾਂ ਸਾਹਮਣੇ ਬੇਬਸ ਹੈ ਕਿਉਂਕਿ ਇਹੋ ਜਿਹੇ ਲੋਕੀ ਸਿਆਸਤਦਾਨਾਂ, ਅਫ਼ਸਰਾਂ ਤੋਂ ਪੁਸ਼ਤ ਪਨਾਹੀ ਲੈ ਲੈਂਦੇ ਹਨ। ਹਰਚਰਨ ਸਿੰਘ ਖ਼ਾਲਸਾ ਨੇ ਕਿਹਾ ਕਿ ਦਿਨ ਦਿਹਾੜੇ ਸੜਕਾਂ ਤੇ ਸਿੱਖ ਬੱਚੀ ਨੂੰ ਅਗ਼ਵਾ ਕਰ ਕੇ ਬੇਰਹਿਮੀ ਨਾਲ ਕੁੱਟਣਾ, ਮੂੰਹ ਕਾਲਾ ਕਰਨਾ, ਕੇਸ ਕਤਲ ਕਰਨੇ, ਕਮਰੇ ਵਿਚ ਬੰਦ ਕਰਨਾ ਅਤੇ ਫਿਰ ਇੱਜ਼ਤ ਲੁੱਟਣੀ ਸਾਬਤ ਕਰਦੀ ਹੈ ਕੇ ਸਿੱਖ ਵਿਰੋਧਤਾ ਵਾਲੀ ਮਾਨਸਿਕਤਾ ਨੂੰ ਖੁਲ੍ਹ ਹੈ। ਇਸ ਘਟਨਾ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿਤਾ ਹੈ ਕੇ ਸਿੱਖ ਘੱਟ ਗਿਣਤੀ ਭਾਰਤ ਵਿਚ ਸੁਰੱਖਿਅਤ ਨਹੀਂ।
ਬੁਲਾਰਿਆਂ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਪੈਸ਼ਲ ਅਦਾਲਤ ਲਗਾ ਕੇ ਸਖ਼ਤ ਸਜ਼ਾ ਦਿਤੀ ਜਾਵੇ। ਸਰਕਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਬੁਲਾਰਿਆਂ ਨੇ ਸਪਸ਼ਟ ਕੀਤਾ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠਾ ਕੋਈ ਵੀ ਸਿੱਖ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਨਿਕਲਣ ਵਾਲੇ ਸਿੱਟਿਆਂ ਲਈ ਸਬੰਧਤ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਮੀਟਿੰਗ ਵਿਚ ਹਜ਼ਾਰਾ ਸਿੰਘ, ਹਰਬੰਸ ਸਿੰਘ ਖੜੀ ਗੁਰਦੁਆਰਾ ਸਾਹਿਬ, ਮੋਹਨ ਸਿੰਘ, ਅਮਰੀਕ ਖ਼ਾਲਸਾ ਚੌਕ ਗੁਰਮਤਿ ਪ੍ਰਕਾਸ਼, ਬਿਕਰਮ ਸਿੰਘ, ਮੋਹਨ ਸਿੰਘ ਅਕਾਲੀ ਦਲ, ਹਰਬੰਸ ਸਿੰਘ ਸਰਪੰਚ ਆਦਿ ਮੈਂਬਰਾਂ ਸ਼ਾਮਲ ਸਨ।