
ਇਸ ਕਿਸ਼ਤੀ ਦਾ ਭਾਰ ਲਗਭਗ 250 ਤੋਂ 300 ਕਿਲੋਗ੍ਰਾਮ ਹੈ
Amritsar News: ਕੈਨੇਡਾ ਨਿਵਾਸੀ ਐਨਆਰਆਈ ਸ਼ਰਧਾਲੂ ਗੁਰਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਦੀ ਸਮੇਂ-ਸਮੇਂ ’ਤੇ ਸਫ਼ਾਈ ਲਈ ਸੁਨਹਿਰੀ ਰੰਗ ਦੀ ਕਿਸ਼ਤੀ ਦਾਨ ਕੀਤੀ ਹੈ। ਅਰਦਾਸ ਤੋਂ ਬਾਅਦ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿਚ ਕਿਸ਼ਤੀ ਨੂੰ ਸਰੋਵਰ ਵਿਚ ਉਤਾਰ ਦਿਤਾ।
ਇਸ ਕਿਸ਼ਤੀ ਦਾ ਭਾਰ ਲਗਭਗ 250 ਤੋਂ 300 ਕਿਲੋਗ੍ਰਾਮ ਹੈ ਅਤੇ ਇਹ ਸੁਨਹਿਰੀ ਰੰਗ ਦੇ ਪਿੱਤਲ ਨਾਲ ਢੱਕੀ ਹੋਈ ਹੈ। ਇਸ ਦੇ ਨਾਲ ਹੀ, ਸ਼ਰਧਾਲੂ ਗੁਰਜੀਤ ਸਿੰਘ ਨੇ ਸੁਨਹਿਰੀ ਰੰਗ ਦੀ ਕਿਸ਼ਤੀ ਦੇ ਨਾਲ ਚੱਪੂ ਵੀ ਸਫ਼ਾਈ ਲਈ ਦਾਨ ਕੀਤੇ ਹਨ। ਕਿਸ਼ਤੀ ਸੇਵਾ ਪ੍ਰਦਾਨ ਕਰਨ ਵਾਲੇ ਸ਼ਰਧਾਲੂ ਪਰਵਾਰ ਦੇ ਇਕ ਹੋਰ ਮੈਂਬਰ ਮਨਦੀਪ ਸਿੰਘ ਬਟਾਲਾ ਨੇ ਕਿਹਾ ਕਿ ਕੈਨੇਡਾ ਵਿਚ ਰਹਿੰਦੇ ਉਨ੍ਹਾਂ ਦੇ ਭਰਾ ਗੁਰਜੀਤ ਸਿੰਘ ਅਤੇ ਹੋਰ ਰਿਸ਼ਤੇਦਾਰ ਚਾਹੁੰਦੇ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਲੱਕੜ ਦੀ ਬਜਾਏ ਸੁਨਹਿਰੀ ਰੰਗ ਦੀ ਕਿਸ਼ਤੀ ਹੋਵੇ। ਇਸ ਲਈ, ਪਰਵਾਰ ਵਲੋਂ ਸ਼ਰਧਾ ਨਾਲ ਪਿੱਤਲ ਦੀ ਇਕ ਕਿਸ਼ਤੀ ਤਿਆਰ ਕੀਤੀ ਗਈ ਹੈ।