
ਪੰਜਾਬ ਅੰਦਰ ਰੁਸਿਆਂ ਨੂੰ ਮਨਾਉਣ ਤੇ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਕਵਾਇਦ ਸ਼ੁਰੂ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਅਪਣੀਆਂ ਸਿਆਸੀ ਸਰਗਰਮੀਆਂ ਵਧਾਉਣ ਦੀ ਸ਼ੁਰੂਆਤ ਕਰ ਦਿਤੀ ਹੈ। 'ਆਪ' ਦੀ ਦਿੱਲੀ 'ਚ ਸ਼ਾਨਦਾਰ ਵਾਪਸੀ ਦੇ ਬਾਅਦ ਤੋਂ ਹੀ ਉਸ ਦੇ ਪੰਜਾਬ ਦੀ ਸਿਆਸਤ 'ਚ ਕੁੱਦਣ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਇਹ ਕਿਆਫ਼ੇ ਉਸ ਸਮੇਂ ਸੱਚ ਸਾਬਤ ਹੁੰਦੇ ਵਿਖਾਈ ਦਿਤੇ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਤਿਲਕ ਨਗਰ ਤੋਂ ਜੇਤੂ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ।
Photo
ਜਰਨੈਲ ਸਿੰਘ ਨੇ ਵੀ ਨਿਯੁਕਤੀ ਤੋਂ ਬਾਅਦ ਪੰਜਾਬ ਅੰਦਰ ਅਪਣੀਆਂ ਸਰਗਮੀਆਂ ਵਧਾ ਦਿਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚਲੇ ਪਾਰਟੀ ਤੋਂ ਵੱਖ ਹੋਏ ਆਗੂਆਂ ਨੂੰ ਮੁੜ ਪਾਰਟੀ ਅੰਦਰ ਲਿਆਉਣ ਦੀ ਅਪਣੀ ਮਨਸ਼ਾ ਨੂੰ ਵੀ ਜ਼ਾਹਰ ਕੀਤਾ ਹੈ। ਇੰਨਾ ਹੀ ਨਹੀਂ, ਉਹ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੀ ਆਪ ਵਿਚ ਸ਼ਾਮਲ ਕਰਨ ਸਬੰਧੀ ਸਰਗਰਮ ਦੱਸੇ ਜਾ ਰਹੇ ਹਨ।
Photo
ਭਾਵੇਂ ਭਗਵੰਤ ਮਾਨ ਬਾਰੇ ਆਮ ਹੀ ਕਿਹਾ ਜਾਂਦਾ ਹੈ ਕਿ ਉਹ ਪਾਰਟੀ ਅੰਦਰ ਕਿਸੇ ਵੱਡੇ ਆਗੂ ਨੂੰ ਟਿਕਣ ਨਹੀਂ ਦਿੰਦੇ ਪਰ ਨਵ-ਨਿਯੁਕਤ ਇੰਚਾਰਜ ਜਰਨੈਲ ਸਿੰਘ ਸਬੰਧੀ ਜਿਸ ਤਰ੍ਹਾਂ ਦੀਆਂ ਕਨਸੋਆਂ ਬਾਹਰ ਆ ਰਹੀਆਂ ਹਨ, ਉਸ ਮੁਤਾਬਕ ਭਗਵੰਤ ਮਾਨ ਨੂੰ ਆਉਂਦੇ ਸਮੇਂ ਵਿਚ ਭਾਣਾ ਮੰਨਣ ਦੀ ਆਦਤ ਪਾਉਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।
Photo
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਪਾਰਟੀ ਅੰਦਰ ਕਿਸੇ ਨਵੇਂ ਚਿਹਰੇ ਦੀ ਆਮਦ ਬਾਰੇ ਪੁਛੇ ਸਵਾਲ ਦੇ ਜਵਾਬ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਅੰਦਰ ਚਿਹਰੇ ਦੇ ਕੋਈ ਅਹਿਮੀਅਤ ਨਹੀਂ ਹੈ, ਇੱਥੇ ਸਿਰਫ਼ ਕੰਮ ਹੀ ਚੱਲਦਾ ਹੈ। ਭਗਵੰਤ ਮਾਨ ਨੇ ਇਹ ਜਵਾਬ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿਚ ਦਿਤਾ ਸੀ। ਪਰ ਹੁਣ ਜਰਨੈਲ ਸਿੰਘ ਵਲੋਂ ਆਉਂਦੇ ਸਾਰ ਹੀ ਪਾਰਟੀ 'ਚੋਂ ਨਾਰਾਜ਼ ਅਤੇ ਬਾਹਰੀ ਦਿਗਜ਼ ਚਿਹਰਿਆਂ ਨੂੰ ਪਾਰਟੀ ਨਾਲ ਜੋੜਣ ਲਈ ਅਰੰਭੀਆਂ ਸਰਗਰਮੀਆਂ ਨੇ ਭਗਵੰਤ ਮਾਨ ਲਈ ਵੀ ਨਵੀਂ ਚੁਨੌਤੀ ਨੂੰ ਜਨਮ ਦਿਤਾ ਹੈ।
Photo
ਜੇਕਰ ਜਰਨੈਲ ਸਿੰਘ ਆਉਂਦੇ ਦਿਨਾਂ 'ਚ ਨਵਜੋਤ ਸਿੰਘ ਸਿੰਧੂ ਵਰਗੇ ਚਿਹਰੇ ਨੂੰ ਪਾਰਟੀ ਨਾਲ ਜੋੜਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਵਲੋਂ ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਐਚਐਸ ਫੁਲਕਾ, ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਰਗੇ ਆਗੂਆਂ ਨਾਲ ਰਾਬਤਾ ਕਰਨ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਜਾਣਗੀਆਂ। ਜਰਨੈਲ ਸਿੰਘ ਵਲੋਂ ਆਉਂਦੇ ਦੋ-ਤਿੰਨ ਦਿਨਾਂ ਬਾਅਦ ਪੰਜਾਬ 'ਚ ਆ ਕੇ ਸਥਾਨਕ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਅਸਲ ਮਨਸ਼ਾ ਬਾਰੇ ਤਸਵੀਰ ਸਾਫ਼ ਹੋਣ ਦੇ ਅਸਾਰ ਹਨ।
Photo
ਸੂਤਰਾਂ ਮੁਤਾਬਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆਂ ਦੀ ਥਾਂ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਥਾਪ ਨੇ ਕਈ ਸੰਕੇਤ ਦਿਤੇ ਹਨ। ਪਹਿਲਾਂ ਤਾਂ ਇਹ ਕਿ ਉਹ ਹੁਣ ਅਪਣੀਆਂ ਪਿਛਲੀਆਂ ਗ਼ਲਤੀਆਂ ਨੂੰ ਦੁਹਰਾਉਣ ਦੀ ਭੁੱਲ ਨਹੀਂ ਕਰਨਗੇ। ਸਾਲ 2017 ਦੀਆਂ ਚੋਣਾਂ ਦੌਰਾਨ 'ਆਪ' ਨੂੰ ਸਭ ਤੋਂ ਵੱਡਾ ਨੁਕਸਾਨ ਪਾਰਟੀ 'ਤੇ ਬਾਹਰੀਆਂ ਦਾ ਦਬਦਬਾ ਹੋਣ ਦੇ ਲੱਗੇ ਧੱਬੇ ਕਾਰਨ ਹੋਇਆ ਸੀ। ਪਹਿਲਾ ਪਾਰਟੀ ਨੇ ਸੰਜੇ ਸਿੰਘ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਥਾਪਿਆ। ਉਨ੍ਹਾਂ ਨਾਲ ਜਥੇਬੰਦੀ ਸਕੱਤਰ ਵਜੋਂ ਦੁਰਗੇਸ਼ ਪਾਠਕ ਵਿਚਰਦੇ ਰਹੇ।
Photo
ਇਸ ਤੋਂ ਬਾਅਦ ਇਹ ਕਮਾਨ ਮਨੀਸ਼ ਸਿਸੋਦੀਆਂ ਨੂੰ ਸੌਂਪੀ ਗਈ ਜਿਨ੍ਹਾਂ ਨਾਲ ਸਹਿ-ਇੰਚਾਰਜ ਵਿਧਾਇਕ ਜਰਨੈਲ ਸਿੰਘ ਨੂੰ ਲਾਇਆ ਗਿਆ ਸੀ। ਇਸ ਸਮੇਂ ਤਕ ਪਾਰਟੀ ਨੂੰ ਜਿਹੜਾ ਨੁਕਸਾਨ ਹੋਣਾ ਸੀ, ਉਹ ਹੋ ਚੁੱਕਾ ਸੀ, ਫਲਸਰੂਪ ਭਾਰੀ ਬਹੁਮਤ ਦੀਆਂ ਕਿਆਸ-ਅਰਾਈਆਂ ਦਰਮਿਆਨ ਆਮ ਆਦਮੀ ਪਾਰਟੀ ਕੇਵਲ 20 ਸੀਟਾਂ 'ਤੇ ਸਿਮਟ ਕੇ ਰਹਿ ਗਈ ਸੀ।