
ਰਵੀ ਸਿੰਘ ਖ਼ਾਲਸਾ ਨੇ ਪੁਛਿਆ, ਰਣਜੀਤ ਸਿੰਘ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਸਾਨੂੰ ਦੱਸੇ?
ਚੰਡੀਗੜ੍ਹ, 28 ਫ਼ਰਵਰੀ: ਦਿੱਲੀ ਦੇ ਸਿੰਘੂ ਬਾਰਡਰ ’ਤੇ 28 ਜਨਵਰੀ ਵਾਲੇ ਦਿਨ ਦਿੱਲੀ ਦੇ ਸਥਾਨਕ ਲੋਕਾਂ ਵਲੋਂ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਆ ਕੇ ਕਿਸਾਨੀ ਅੰਦੋਲਨ ਨੂੰ ਉਥੋਂ ਚੁਕਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਵਲੋਂ ਕਿਸਾਨਾਂ ਉਤੇ ਇੱਟਾਂ ਰੋੜਿਆਂ ਨਾਲ ਹਮਲਾ ਵੀ ਕੀਤਾ ਗਿਆ ਸੀ, ਇਸ ਤੋਂ ਬਾਅਦ ਕੁੱਝ ਲੋਕਾਂ ਦੀ ਭੀੜ ਕਿਸਾਨਾਂ ਨੂੰ ਉਕਸਾ ਰਹੀ ਸੀ ਅਤੇ ਪੱਥਰਬਾਜ਼ੀ ਕਰ ਰਹੀ ਸੀ ਨਾਲ ਹੀ ਕਿਸਾਨ ਔਰਤਾਂ ਦੇ ਟੈਂਟ ਵਿਚ ਵੜਨ ਜਾ ਰਹੀ ਸੀ ਤਾਂ ਇਸ ਸਿੱਖ ਨੌਜਵਾਨ ਨੇ ਵਿਰੋਧਤਾ ਕੀਤੀ ਸੀ ਜਿਸ ਵਿਚ ਪ੍ਰਦਰਸ਼ਨਕਾਰੀਆਂ ਅਤੇ ਕੁੱਝ ਪੁਲਿਸ ਵਾਲਿਆਂ ਵਲੋਂ ਇਕ ਸਿੱਖ ਨੌਜਵਾਨ ਨੂੰ ਬਹੁਤ ਬੁਰੀ ਤਰੀਕੇ ਨਾਲ ਕੁੱਟਿਆ ਜਾਂਦਾ ਹੈ ਤੇ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਅਤੇ ਬੇਹੋਸ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਪੁਲਿਸ ਅਪਣੀ ਗੱਡੀ ਵਿਚ ਸੁੱਟ ਕੇ ਲੈ ਜਾਂਦੇ ਹਨ। ਇਸ ਸਿੱਖ ਨੌਜਵਾਨ ਦਾ ਨਾਮ ਰਣਜੀਤ ਸਿੰਘ ਪਿੰਡ ਕਾਜਮਪੁਰ ਜ਼ਿਲ੍ਹਾ ਨਵਾਂਸ਼ਹਿਰ ਹੈ। ਇਸ ਦੌਰਾਨ ਰਵੀ ਸਿੰਘ ਖ਼ਾਲਸਾ ਏਡ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਗਈ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ,“ਭਾਰਤੀ ਪੁਲਿਸ ਵਲੋਂ ਸਿੱਖਾਂ ਨੂੰ ਬਿਨਾਂ ਕਿਸੇ ਸੁਰੱਖਿਆ ਅਤੇ ਕਿਸੇ ਅਪਡੇਟ ਦੇ ਗਿ੍ਰਫ਼ਤਾਰ ਕਰ ਲਿਆ ਜਾਂਦਾ ਹੈ, ਨੌਜਵਾਨ ਸਿੱਖਾਂ ਦੀਆਂ ਇਸ ਤਰ੍ਹਾਂ ਦੀਆਂ ਖ਼ਬਰਾਂ 1980 ਦੇ ਦਹਾਕੇ ਦੀਆਂ ਯਾਦਾਂ ਤਾਜ਼ਾ ਕਰਵਾਉਂਦੀਆਂ ਹਨ ਜਦੋਂ ਸਿੱਖ ਨੌਜਵਾਨਾਂ ਨੂੰ ਪੁਲਿਸ ਗਿ੍ਰਫ਼ਤਾਰ ਕਰ ਕੇ ਤਸੀਹੇ ਦੇ-ਦੇ ਕੇ ਕਤਲ ਕਰ ਦਿਤਾ ਜਾਂਦਾ ਸੀ।
ਅਜਿਹੇ ਮੁੱਦਿਆਂ ਨੂੰ ਹੱਲ ਕਰਨ ਅਤੇ ਇਨ੍ਹਾਂ ਨੌਜਵਾਨਾਂ ਦਾ ਪਤਾ ਲਗਾਉਣ ਲਈ ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਸਾਹਮਣੇ ਆਉਂਦੀ ਹੈ ਜੋ ਕਿ ਪਹਿਲ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਰਣਜੀਤ ਸਿੰਘ ਬਾਰੇ ਪਤਾ ਹੋਵੇ ਤਾਂ ਸਾਨੂੰ ਦੱਸੇ।