
ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ੀ ਦੀ ਹਾਲਤ ਵਿਚ ਪਏ ਦੋ ਨੌਜਵਾਨਾਂ ਨੂੰ ਦੇਖ ਕੇ ਸਨਸਨੀ
ਕੋਟਕਪੂਰਾ, 28 ਫ਼ਰਵਰੀ (ਗੁਰਿੰਦਰ ਸਿੰਘ): ਸਥਾਨਕ ਰੇਲਵੇ ਸਟੇਸ਼ਨ ਤੋਂ ੍ਰਫ਼ਾਜ਼ਿਲਕਾ ਨੂੰ ਜਾਣ ਵਾਲੀ ਰੇਲ ਲਾਈਨ ਦੇ ਨੇੜੇ ਥੋੜ੍ਹੀ ਜਿਹੀ ਦੂਰੀ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ੀ ਦੀ ਹਾਲਤ ਵਿਚ ਪਏ ਦੋ ਨੌਜਵਾਨਾ ਨੂੰ ਦੇਖ ਕੇ ਅਚਾਨਕ ਸਨਸਨੀ ਫੈਲ ਗਈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਰੇਲਵੇ ਪੁਲਿਸ ਪੱਲਾ ਝਾੜ ਕੇ ਮਾਮਲਾ ਸਿਟੀ ਥਾਣੇ ਦਾ ਕਹਿ ਰਹੀ ਹੈ, ਜਦਕਿ ਸਿਟੀ ਥਾਣੇ ਵਲੋਂ ਉਕਤ ਮਾਮਲਾ ਰੇਲਵੇ ਪੁਲਿਸ ਦਾ ਆਖ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ’ਤੇ ਪੁੱਜੀ ਰੇਲਵੇ ਪੁਲਿਸ ਨੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰ ਕੇ ਉਨ੍ਹਾਂ ਨੂੰ ਹੋਸ਼ ਵਿਚ ਲਿਆਂਦਾ ਤਾਂ ਰੇਲ ਲਾਈਨ ਦੀ ਨੇੜਲੀ ਆਬਾਦੀ ਵਾਲੇ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਦੋ ਨਸ਼ਾ ਤਸਕਰਾਂ ਦਾ ਬਕਾਇਦਾ ਨਾਂਅ ਲੈਂਦਿਆਂ ਕਿਹਾ ਕਿ ਇਸ ਇਲਾਕੇ ਵਿਚ ਸ਼ਰੇਆਮ ਨਸ਼ਾ ਤਸਕਰੀ ਹੋ ਰਹੀ ਹੈ ਤੇ ਨੇੜਲੇ ਪਿੰਡਾਂ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਤੋਂ ਵੀ ਨਸ਼ੇੜੀ ਇਥੋਂ ਨਸ਼ਾ ਖ਼ਰੀਦਣ ਲਈ ਆਉਂਦੇ ਹਨ।
ਪੁਲਿਸ ਨੇ ਉਕਤ ਨੌਜਵਾਨਾ ਨੂੰ ਰੇਲ ਲਾਈਨ ਨੇੜੇ ਨਸ਼ਾ ਕਰ ਕੇ ਡਿੱਗਣ ਦਾ ਕਾਰਨ ਪੁਛਿਆ ਤਾਂ ਗ਼ਰੀਬ ਪਰਵਾਰਾਂ ਨਾਲ ਸਬੰਧਤ ਦੋਨਾਂ ਨੌਜਵਾਨਾਂ ਨੇ ਵੀ ਉਕਤ ਨਸ਼ਾ ਤਸਕਰਾਂ ਤੋਂ ਨਸ਼ਾ ਲੈਣ ਦੀ ਪੁਸ਼ਟੀ ਕਰਦਿਆਂ ਮੰਨਿਆ ਕਿ ਉਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਸਰਾਏਨਾਗਾ ਦੇ ਰਹਿਣ ਵਾਲੇ ਹਨ ਤੇ ਉਕਤਾਨ ਤਸਕਰਾਂ ਤੋਂ ਅਕਸਰ ਨਸ਼ਾ ਲੈਣ ਲਈ ਇਥੇ ਆਉਂਦੇ ਹੀ ਰਹਿੰਦੇ ਹਨ। ਸੂਚਨਾ ਮਿਲਦਿਆਂ ਹੀ ਉੱਥੇ ਪੁੱਜੇ ਪੱਤਰਕਾਰਾਂ ਨੇ ਉਕਤਾਨ ਨਸ਼ੇਈ ਨੌਜਵਾਨਾਂ ਤੋਂ ਵਰਤੀਆਂ ਗਈਆਂ ਸਰਿੰਜਾਂ ਵੀ ਬਰਾਮਦ ਕਰਦਿਆਂ ਪੁਲਿਸ ਨੂੰ ਸੌਂਪੀਆਂ।
ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਘਟਨਾ ਦੇ ਪ੍ਰਤੀਕਰਮ ਵਜੋਂ ਆਖਿਆ ਕਿ ਚਾਰ ਹਫ਼ਤਿਆਂ ’ਚ ਨਸ਼ੇ ਨੂੰ ਮੁਕੰਮਲ ਖ਼ਤਮ ਕਰਨ ਦਾ ਵਾਅਦਾ ਕਰ ਕੇ ਅਤੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਅੱਜ ਚਾਰ ਸਾਲ ਬੀਤਣ ਉਪਰੰਤ ਵੀ ਨਸ਼ਾ ਤਸਕਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਦੁਹਰਾਇਆ ਕਿ ਨਸ਼ਾ ਤਸਕਰਾਂ ਵਿਰੁਧ ਸ਼ਿਕੰਜਾ ਕਸਿਆ ਜਾ ਰਿਹਾ ਹੈ। ਬਲਕਾਰ ਸਿੰਘ ਸੰਧੂ ਡੀਐਸਪੀ ਮੁਤਾਬਕ ਨਸ਼ੇਈਆਂ ਅਤੇ ਨਸ਼ਾ ਤਸਕਰਾਂ ਵਿਰੁਧ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-28-3ਸੀ