
ਮਾਰਚ ਦੇ ਅਖ਼ੀਰ ਮਿਲਣਗੀਆਂ 31 ਹੋਰ ਨਵੀਆਂ ਬੱਸਾਂ
ਚੰਡੀਗੜ੍ਹ - ਕੁੱਝ ਸਮਾਂ ਪਹਿਲਾਂ ਪੀਆਰਟੀਸੀ ਦੇ ਬਾੜੇ ਵਿਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਸਨ ਜਿਸ ਨਾਲ ਪੀਆਰਟੀਸੀ ਦੀ ਆਮਦਨ ਮਹੀਨੇ ਦੀ 50 ਕਰੋੜ ਤੱਕ ਪਹੁੰਚ ਗਈ ਹੈ। ਇਸ ਦੀ ਮੌਜੂਦਾ ਸਮਾਂ ਸਾਰਨੀ ’ਤੇ ਨਿਗਾਹ ਮਾਰੀ ਜਾਵੇ ਤਾਂ ਬੇੜੇ ਵਿਚ ਨਵੀਆਂ ਬੱਸਾਂ ਨੂੰ ਜੋੜਨ ਤੇ ਸੁਧਾਰੀ ਗਈ ਸਮਾਂ ਸਾਰਨੀ ਨੇ ਸੂਬੇ ਵਿਚ ਪੀਆਰਟੀਸੀ ਦੇ ਮਾਲੀਏ ਵਿਚ ਕਾਫੀ ਵਾਧਾ ਕੀਤਾ ਹੈ। ਟਰਾਂਸਪੋਰਟ ਕਾਰਪੋਰੇਸ਼ਨ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਆਪਣੇ ਨੌਂ ਡਿਪੂਆਂ ਵਿਚ ਪੜਾਅਵਾਰ 140 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਹਨ, ਜਿਸ ਨਾਲ ਵਿੱਤੀ ਹਾਲਤ ਸੁਧਰੀ ਹੈ।
PRTC
ਪਟਿਆਲਾ ਸਥਿਤ ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਨਵੀਆਂ ਬੱਸਾਂ ਦੀ ਸ਼ੁਰੂਆਤ ਤੋਂ ਪਹਿਲਾਂ ਕਾਰਪੋਰੇਸ਼ਨ ਨੂੰ 1.20 ਤੋਂ 1.50 ਕਰੋੜ ਰੁਪਏ ਦੀ ਰੋਜ਼ਾਨਾ ਆਮਦਨ ਹੋ ਰਹੀ ਸੀ ਜੋ ਹੁਣ 1.50 ਤੋਂ 2.00 ਕਰੋੜ ਰੁਪਏ ਰੋਜ਼ਾਨਾ ਹੋ ਰਹੀ ਹੈ। ਪੀਆਰਟੀਸੀ ਦੀ ਔਸਤਨ ਆਮਦਨ ਕਰੀਬ 50 ਕਰੋੜ ਰੁਪਏ ਮਹੀਨਾ ਤੱਕ ਪਹੁੰਚ ਗਈ ਹੈ।
ਇਸ ਆਮਦਨ ਨੂੰ ਲੈ ਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਇਕ ਫੇਸਬੁੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਹਨਾਂ ਨੇ ਕੈਪਸ਼ਨ ਵਿਚ ਲਿਖਿਆ ਕਿ ''ਚੰਗਾ ਲਗਦਾ ਹੈ ਜਦੋਂ ਤੁਹਾਡੇ ਕੀਤੇ ਕੰਮਾਂ ਦੇ ਨਤੀਜੇ ਲੋਕ ਹਿੱਤ ਵਿੱਚ ਆਉਣ'' ਜਦੋਂ ਤੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਹਨ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਕਾਫ਼ੀ ਘੱਟ ਹੋਈਆਂ ਹਨ।
ਪੀਆਰਟੀਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਸੂਬੇ ਵਿਚ ਪੀਆਰਟੀਸੀ ਦੀ ਆਮਦਨੀ ਦਾ ਮੁੱਖ ਕਾਰਨ ਸਿਰਫ਼ ਨਵੀਆਂ ਬੱਸਾਂ ਨਹੀਂ ਹਨ। ਟਰਾਂਸਪੋਰਟ ਵਿਭਾਗ ਨੇ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਅਪਰੇਟਰਾਂ ’ਤੇ ਵੀ ਸ਼ਿਕੰਜਾ ਕੱਸਿਆ, ਗੈਰਕਾਨੂੰਨੀ ਢੰਗ ਨਾਲ ਚੱਲਣ ਵਾਲੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ, ਨਵੀਂ ਸਮਾਂ ਸਾਰਨੀ ਲਾਗੂ ਕੀਤੀ ਅਤੇ ਪੀਆਰਟੀਸੀ ਬੱਸਾਂ ਨੂੰ ਨਵੇਂ ਪਰਮਿਟ ਦਿੱਤੇ ਗਏ। ਇਸ ਕਾਰਨ ਰਾਜਸੀ ਪਹੁੰਚ ਰੱਖਦੇ ਕੁਝ ਨਿੱਜੀ ਬੱਸ ਅਪਰੇਟਰਾਂ ਦਾ ਏਕਾਧਿਕਾਰ ਖ਼ਤਮ ਹੋਇਆ।ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਪੀਆਰਟੀਸੀ 31 ਹੋਰ ਬੱਸਾਂ ਬੇੜੇ ਵਿਚ ਸ਼ਾਮਲ ਕਰਨ ਜਾ ਰਿਹਾ ਹੈ ਜੋ ਮਾਰਚ ਦੇ ਤੀਜੇ ਹਫ਼ਤੇ ਤੋਂ ਬਾਅਦ ਸੜਕਾਂ 'ਤੇ ਦੌੜਨਗੀਆਂ।