
ਭਾਰਤ 'ਚ 22 ਜੂਨ ਦੇ ਨੇੜੇ ਤੇੜੇ ਆ ਸਕਦੀ ਹੈ ਕੋਰੋਨਾ ਦੀ ਚੌਥੀ ਲਹਿਰ : ਵਿਗਿਆਨੀ
ਅਗੱਸਤ ਦੇ ਅੱਧ ਤੋਂ ਅੰਤ ਤਕ, ਇਹ ਅਪਣੇ ਸਿਖਰ 'ਤੇ ਪਹੁੰਚੇਗੀ
ਨਵੀਂ ਦਿੱਲੀ, 28 ਫ਼ਰਵਰੀ : ਦੇਸ਼ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਖ਼ਤਮ ਹੋਣ ਕੰਢੇ ਹੈ | ਪਰ ਵਿਗਿਆਨੀਆਂ ਨੇ ਇਕ ਵਾਰ ਫਿਰ ਕੋਰੋਨਾ ਦੀ ਚੌਥੀ ਲਹਿਰ ਦਾ ਖ਼ਦਸ਼ਾ ਪ੍ਰਗਟਾਇਆ ਹੈ | ਭਾਰਤੀ ਤਕਨੀਕੀ ਸੰਸਥਾਨ (ਆਈ.ਆਈ.ਟੀ.) ਕਾਨਪੁਰ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਦੀ ਚੌਥੀ ਲਹਿਰ 22 ਜੂਨ ਦੇ ਨੇੜੇ-ਤੇੜੇ ਆ ਸਕਦੀ ਹੈ ਅਤੇ ਅਗੱਸਤ ਦੇ ਅੱਧ ਤੋਂ ਅੰਤ ਤਕ, ਇਹ ਅਪਣੇ ਸਿਖਰ 'ਤੇ ਪਹੁੰਚੇਗੀ | 22 ਅਕਤੂਬਰ ਤਕ ਇਸ ਦਾ ਪ੍ਰਭਾਵ ਘੱਟ ਹੋ ਜਾਵੇਗਾ | ਇਹ ਅਧਿਐਨ ਮੇਡਰੀਵ ਪੱਤਰਕਾ ਵਿਚ ਹਾਲ ਹੀ ਵਿਚ ਪ੍ਰਕਾਸ਼ਤ ਹੋਇਆ ਹੈ ਅਤੇ ਇਸ ਉਤੇ ਹਾਲੇ ਫ਼ੈਸਲਾ ਆਉਣਾ ਬਾਕੀ ਹੈ |
ਆਈ. ਆਈ. ਟੀ. ਕਾਨਪੁਰ ਦੇ ਗਣਿਤ ਵਿਭਾਗ ਦੇ ਸਾਬਰਾ ਪ੍ਰਸਾਦ ਰਾਜੇਸ਼ਭਾਈ, ਸੁਭਰ ਸ਼ੰਕਰ ਧਰ ਅਤੇ ਸ਼ਲਭ ਮੁਤਾਬਕ ਚੌਥੀ ਲਹਿਰ 'ਚ ਵਾਇਰਸ ਦੀ ਦਰ ਅਤੇ ਉਸ ਦੇ ਪ੍ਰਭਾਵ ਦਾ ਮੁਲਾਂਕਣ ਨਵੇਂ ਵੈਰੀਐਂਟ ਦੇ ਰੂਪ 'ਤੇ ਨਿਰਭਰ ਕਰੇਗਾ | ਉਨ੍ਹਾਂ ਨੇ ਇਸ ਮੁਲਾਂਕਣ ਲਈ 'ਅਵਰ ਵਰਲਡ ਇਨ ਡਾਟਾ ਓ. ਆਰ. ਜੀ.' ਨਾਮੀ ਵੈਬਸਾਈਟ ਤੋਂ ਕੋਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ ਹੁਣ ਤਕ ਦੇ ਅੰਕੜਿਆਂ ਦਾ ਡਾਟਾ ਤਿਆਰ ਕੀਤਾ ਹੈ | ਵਿਗਿਆਨੀਆਂ ਮੁਤਾਬਕ ਚੌਥੀ ਲਹਿਰ ਦੇ ਸਿਖਰ ਦਾ ਸਮਾਂ ਕੱਢਣ ਲਈ ਬੂਟਸਟ੍ਰੈਪ ਪ੍ਰਣਾਲੀ ਦਾ ਇਸਤੇਮਾਲ ਕੀਤਾ ਗਿਆ ਹੈ |
ਡਾ. ਸ਼ੁਲਭ ਮੁਤਾਬਕ ਗਿਣਤੀ ਦੇ ਆਧਾਰ ਤੋਂ ਪਤਾ ਲੱਗਾ ਹੈ ਕਿ ਭਾਰਤ 'ਚ ਕੋਰੋਨਾ ਦੀ ਚੌਥੀ ਲਹਿਰ ਦੀ ਸ਼ੁਰੂਆਤ, ਡਾਟਾ ਮਿਲਣ ਦੀ ਮਿਤੀ ਤੋਂ 936 ਦਿਨ ਬਾਅਦ ਆ ਸਕਦੀ ਹੈ | ਸ਼ੁਰੂਆਤੀ ਡਾਟਾ 30 ਜਨਵਰੀ 2020 ਨੂੰ ਸਾਹਮਣੇ ਆਇਆ ਸੀ | ਇਸ ਹਿਸਾਬ ਨਾਲ ਚੌਥੀ ਲਹਿਰ 22 ਜੂਨ 2022 ਤੋਂ ਸ਼ੁਰੂ ਹੋਣ ਦੇ ਆਸਾਰ ਹਨ | ਯਾਦ ਰਹੇ ਕਿ ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿਚ ਸੁਚੇਤ ਕੀਤਾ ਸੀ ਕਿ ਕੋਰੋਲਾ ਵਾਇਰਸ ਦਾ ਓਮੀਕਰੋਨ ਰੂਪ ਅੰਤਮ ਰੂਪ ਨਹੀਂ ਹੋਵੇਗਾ ਅਤੇ ਅਗਲਾ ਰੂਪ ਜ਼ਿਆਦਾ ਹਮਲਾਵਰ ਹੋ ਸਕਦਾ ਹੈ | (ਪੀਟੀਆਈ)