
ਰੂਸ-ਯੂਕਰੇਨ ਵਿਚਾਲੇ 3 ਘੰਟੇ ਚਲੀ ਗੱਲਬਾਤ ਬੇਸਿੱਟਾ ਰਹੀ
ਪੁਤਿਨ ਵਲੋਂ ਪਰਮਾਣੂ ਬਲਾਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਹੁਕਮ
ਕੀਵ, 28 ਫ਼ਰਵਰੀ : ਯੂਕਰੇਨ 'ਤੇ ਰੂਸ ਦੀ ਬੰਬਾਰੀ ਪੰਜਵੇਂ ਦਿਨ ਵੀ ਜਾਰੀ ਹੈ | ਜੰਗ ਖ਼ਤਮ ਕਰਨ ਲਈ ਦੋਹਾਂ ਦੇਸ਼ਾਂ ਨੇ ਬੇਲਾਰੂਸ-ਯੂਕਰੇਨ ਬਾਰਡਰ 'ਤੇ 3 ਘੰਟੇ ਗੱਲਬਾਤ ਕੀਤੀ | ਮੀਡੀਆ ਰਿਪੋਰਟਾਂ ਵਿਚ ਗੱਲਬਾਤ ਬੇਸਿੱਟਾ ਰਹਿਣ ਦੀ ਜਾਣਕਾਰੀ ਮਿਲ ਰਹੀ ਹੈ | ਰੂਸੀ ਮੀਡੀਆ ਮੁਤਾਬਕ ਦੋਵੇਂ ਦੇਸ਼ ਜਲਦੀ ਹੀ ਮੁੜ ਗੱਲਬਾਤ ਕਰ ਸਕਦੇ ਹਨ | ਦੂਜੇ ਪਾਸੇ ਯੂਕਰੇਨ 'ਤੇ 16 ਘੰਟੇ ਵਿਚ ਕਬਜ਼ਾ ਕਰਨ ਦਾ ਸੁਪਨਾ ਤਬਾਹ ਹੁੰਦਾ ਦੇਖ ਹੁਣ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਰਮਾਣੂ ਹਥਿਆਰਾਂ ਦੀ ਖ਼ੌਫ਼ਨਾਕ ਯੋਜਨਾ ਬਣਾਈ ਹੈ | ਐਟਮੀ ਕਮਾਂਡ ਵਾਲੀ ਯੂਨਿਟ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਹਮਲੇ ਦੀ ਤਿਆਰੀ ਕਰਨ ਦੇ ਹੁਕਮ ਦਿਤੇ ਗਏ ਹਨ | ਰਖਿਆ ਮੰਤਰੀ ਸਰਗੇਈ ਸ਼ੋਈਗਯੂ ਨੇ ਸੋਮਵਾਰ ਦੁਪਹਿਰ ਪੁਤਿਨ ਨੂੰ ਹਮਲੇ ਦੇ ਪਲਾਨ ਬਾਰੇ ਪੂਰੀ ਜਾਣਕਾਰੀ ਦਿਤੀ | ਸਾਰੀਆਂ ਪਰਮਾਣੂ ਮਿਜ਼ਾਈਲਾਂ ਫ਼ਾਇਰਿੰਗ ਮੋਡ 'ਤੇ ਕਰ ਦਿਤੀਆਂ ਗਈਆਂ ਹਨ |
ਯੂਕਰੇਨ ਦੇ ਫ਼ੌਜੀਆਂ ਕੋਲ ਹਥਿਆਰਾਂ ਦੀ ਗਿਣਤੀ ਭਾਵੇਂ ਘੱਟ ਹੋਵੇ, ਪਰ ਦਿ੍ੜ ਇਰਾਦਿਆਂ ਨਾਲ ਲਬਰੇਜ਼ ਇਨ੍ਹਾਂ ਫ਼ੌਜੀਆਂ ਨੇ ਘਟੋ-ਘੱਟ ਹਾਲ ਦੀ ਘੜੀ, ਰਾਜਧਾਨੀ ਕੀਵ ਅਤੇ ਹੋਰ ਪ੍ਰਮੁਖ ਸ਼ਹਿਰਾਂ ਵਿਚ ਰੂਸੀ ਫ਼ੌਜੀਆਂ ਦੀ ਰਫ਼ਤਾਰ ਘਟਾ ਦਿਤੀ ਹੈ | ਯੂਕਰੇਨੀ ਫ਼ੌਜੀਆਂ ਵਲੋਂ ਮਿਲ ਰਹੇ ਤਿੱਖੇ ਜਵਾਬ ਅਤੇ ਵਿਨਾਸ਼ਕਾਰੀ ਪਾਬੰਦੀਆਂ ਤੋਂ ਵੱਟ ਖਾਈ ਬੈਠੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੇ ਪਰਮਾਣੂ ਬਲਾਂ ਨੂੰ 'ਹਾਈ ਅਲਰਟ' 'ਤੇ ਰਹਿਣ ਦੇ ਹੁਕਮ ਦਿਤੇ ਹਨ | ਇਸ ਨਾਲ ਹੀ ਇਸ ਜੰਗ ਦੇ ਨਵੇਂ ਸਿਖਰਾਂ ਉਤੇ ਪਹੁੰਚਣ ਦਾ ਖ਼ਦਸ਼ਾ ਪ੍ਰਬਲ ਹੋ ਗਿਆ ਹੈ | ਰੂਸ ਦੀ ਫ਼ੌਜ ਅਤੇ ਟੈਂਕ ਯੂਕਰੇਨ ਦੇ ਕਾਫੀ ਅੰਦਰ ਤਕ ਦਾਖ਼ਲ ਹੋ ਚੁਕੇ ਹਨ |
ਪਿਛਲੇ ਹਫ਼ਤੇ ਸ਼ੁਰੂ ਹੋਏ ਰੂਸੀ ਹਮਲੇ ਤੋਂ ਬਾਅਦ ਧਮਾਕਿਆਂ ਅਤੇ ਬੰਦੂਕਾਂ ਦੀ ਤੜਤੜਾਹਟ ਨਾਲ ਦਹਿਲ ਉਠੀ ਰਾਜਧਾਨੀ ਕੀਵ ਵਿਚ ਐਤਵਾਰ ਰਾਤ ਨੂੰ ਹਮਲਿਆਂ ਦੀ ਰਫ਼ਤਾਰ ਘਟੀ ਪ੍ਰਤੀਤ ਹੋਈ, ਕਿਉਂਕਿ ਦੋਹਾਂ ਦੇਸ਼ਾਂ ਦੇ ਪ੍ਰਤੀਨਿਧ ਮੰਡਲ ਸੋਮਵਾਰ ਨੂੰ ਯੂਕਰੇਨ ਸਰਹੱਦ ਵਾਲੇ ਦੇਸ਼ ਬੇਲਾਰੂਸ ਵਿਚ ਮਿਲਣ 'ਤੇ ਸਹਿਮਤ ਹੋਏ ਹਨ ਤੇ ਯੂਕਰੇਨ ਦਾ ਵਫ਼ਦ ਬੇਲਾਰੂਸ ਦੀ ਸਰਹੱਦ 'ਤੇ ਪਹੁੰਚ ਵੀ ਚੁਕਿਆ ਸੀ ਪਰ ਖ਼ਬਰ ਅਨੁਸਾਰ ਵਾਰਤਾ ਬੇਸਿੱਟਾ ਰਹੀ ਤੇ ਰੂਸੀ ਮੀਡੀਆ ਅਨੁਸਾਰ ਗੱਲਬਾਤ ਮੁੜ ਹੋ ਸਕਦੀ ਹੈ |
ਇਸ ਵਿਚਾਲੇ ਅਮਰੀਕਾ ਦੇ ਇਕ ਸੀਨੀਅਰ ਖ਼ੁਫ਼ੀਆ ਅਧਿਕਾਰੀ ਨੇ ਦਸਿਆ ਕਿ ਬੇਲਾਰੂਸ, ਰੂਸ ਨੂੰ ਮਦਦ ਲਈ ਅਪਣੀ ਫ਼ੌਜ ਭੇਜ ਸਕਦਾ ਹੈ | ਸਬੰਧਤ ਅਧਿਕਾਰੀ ਇਸ ਮਾਮਲੇ ਵਿਚ ਸਿੱਧੇ ਰੂਪ 'ਚ ਜਾਣਕਾਰੀ ਰਖਦੇ ਹਨ | ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਪਰਮਾਣੂ ਬਲਾਂ ਨੂੰ 'ਹਾਈ ਅਲਰਟ' 'ਤੇ ਰਹਿਣ ਦੇ ਹੁਕਮ ਤੋਂ ਬਾਅਦ ਤਣਾਅ ਹੋਰ ਵੱਧ ਗਿਆ ਹੈ | ਅਮਰੀਕਾ ਅਤੇ ਕੁੱਝ ਹੋਰ ਯੂਰਪੀ ਦੇਸ਼ਾਂ ਨੇ ਕਿਹਾ ਕਿ ਯੂਕਰੇਨ ਨੂੰ ਜ਼ਿਆਦਾ ਸਟਿੰਗ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਸਮੇਤ ਹੋਰ ਹਥਿਆਰਾਂ ਦੀ ਪੂਰਤੀ ਵਧਾਈ ਜਾ ਰਹੀ ਹੈ | ਯੂਕਰੇਨ ਵਿਚ ਲੜਾਈ ਦਾ ਵਿਸਤਾਰ ਹੋ ਰਿਹਾ ਹੈ | ਰੂਸੀ ਫ਼ੌਜ ਕਰੀਬ 30 ਲੱਖ ਦੀ ਆਬਾਦੀ ਵਾਲੇ ਕੀਵ ਦੇ ਕਰੀਬ ਹੈ ਅਤੇ ਖਾਰਕੀਵ ਵਿਚ ਸੜਕਾਂ ਉਤੇ ਲੜਾਈ ਚਲ ਰਹੀ ਹੈ | ਦਖਣੀ ਰਣਨੀਤਕ ਬੰਦਰਗਾਹ ਹਮਲਾਵਰਾਂ ਦੇ ਕਬਜ਼ੇ ਵਿਚ ਆ ਗਈ ਹੈ |
ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ ਰੂਸ ਦੇ ਹਮਲੇ ਵਿਚ ਯੂਕਰੇਨ ਦੇ 16 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 45 ਹੋਰ ਜ਼ਖ਼ਮੀ ਹਨ | ਉਨ੍ਹਾਂ ਕਿਹਾ,''ਕਬਜ਼ਾ ਕਰਨ ਵਾਲਿਆਂ ਵਲੋਂ ਕੀਤੇ ਗਏ ਹਰ ਅਪਰਾਧ, ਗੋਲੀਬਾਰੀ ਸਾਡੇ ਭਾਈਵਾਲਾਂ ਅਤੇ ਸਾਨੂੰ ਹੋਰ ਵੀ ਨੇੜੇ ਲਿਆਉਂਦੀ ਹੈ | ਜੇਲੇਂਸਕੀ ਨੇ ਦਾਅਵਾ ਕੀਤਾ ਕਿ 4500 ਤੋਂ ਵੱਧ ਰੂਸੀ ਫ਼ੌਜੀ ਮਾਰੇ ਗਏ ਹਨ | ਉਨ੍ਹਾਂ ਨੇ ਰੂਸੀ ਫ਼ੌਜੀਆਂ ਨੂੰ ਹਥਿਆਰ ਸੁੱਟਣ ਅਤੇ ਇਥੋਂ ਚਲੇ ਜਾਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ,''ਤੁਸੀਂ ਕਮਾਂਡਰਾਂ 'ਤੇ ਭਰੋਸਾ ਨਾ ਕਰੋ, ਅਪਣੇ ਕੂੜ ਪ੍ਰਚਾਰ 'ਤੇ ਭਰੋਸਾ ਨਾ ਕਰੋ, ਬਸ ਅਪਣੀ ਜਾਣ ਬਚਾਉ |'' (ਪੀਟੀਆਈ)