
ਉਸੇ ਦਾ ਨਤੀਜਾ ਹੈ ਕਿ ਅਕਾਲੀ ਦਲ ਨੂੰ ਸਿੱਖ ਹੁਣ ਅਪਣੀ ਮਾਤ-ਪਾਰਟੀ ਨਹੀਂ ਮੰਨ ਰਹੇ
ਅੰਮ੍ਰਿਤਸਰ : 24 ਸਾਲ ਪਹਿਲਾਂ ਮੋਗਾ ਐਲਾਨਨਾਮੇ 'ਚ ਬਾਦਲਾਂ ਨੇ ਪੰਥਕ ਏਜੰਡਾ ਤਿਆਗਿਆ। ਗੁਰੂ ਸਾਹਿਬ ਨੇ ਧਰਮ ਨੂੰ ਸਿਆਸਤ ਤੋਂ ਉਪਰ ਸਥਾਨ ਦਿੱਤਾ ਜੋ ਬਾਦਲਾਂ ਉਲਟਾਇਆ। ਬਾਦਲਾਂ ਮੀਰੀ-ਪੀਰੀ ਸਿਧਾਂਤ ਇੱਕ ਪਾਸੇ ਕਰਕੇ ਸਿਆਸਤ ਨੂੰ ਧਰਮ ਹੇਠਾਂ ਕੀਤਾ। ਸਿੱਖ ਸੰਸਥਾਵਾਂ ਆਜਾਦ ਕਰਾਉਣ ਲਈ ਪੰਥਕ ਧਿਰਾਂ ਨੂੰ ਕੁਰਬਾਨੀ ਕਰਨੀ ਪਵੇਗੀ। ਸ੍ਰ.ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੇ ਸੰਨ 1996 'ਚ ਮੋਗੇ ਵੱਡੀ ਰੈਲੀ ਕਰ ਕੇ, ਪੰਥਕ ਏਜੰਡਾ ਤਿਆਗਦਿਆਂ, ਸ਼੍ਰੋਮਣੀ ਅਕਾਲੀ ਦਲ ਨੂੰ ਧਰਮ-ਨਿਰਪੱਖ ਪਾਰਟੀ ਬਣਾ ਦਿੱਤਾ ਸੀ
ਪਰ ਪਾਰਟੀ ਨਾਲ ਜੁੜੇ ਅਕਾਲੀ ਆਗੂਆਂ ਨੇ ਇਸ ਵਿਰੁਧ ਆਵਾਜ਼ ਬੁਲੰਦ ਕਰਨ ਦੀ ਥਾਂ ਖ਼ਾਮੋਸ਼ ਰਹਿਣ ਨੂੰ ਤਰਜੀਹ ਦਿਤੀ, ਜਿਸ ਦਾ ਖਮਿਆਜ਼ਾ ਅੱਜ ਉਹ ਭੁਗਤ ਰਹੇ ਹਨ। ਉਸ ਸਮੇਂ ਇਸ ਰੈਲੀ ਨੂੰ ਮੋਗਾ ਐਲਾਨਨਾਮਾ ਕਿਹਾ ਗਿਆ। ਮੋਗਾ ਰੈਲੀ 'ਚ ਐਲਕੇ ਅਡਵਾਨੀ ਵੀ ਆਏ ਸਨ, ਜਿਨ੍ਹਾਂ ਰੈਲੀ ਨੂੰ ਰੈਲਾ ਕਰਾਰ ਦਿਤਾ ਸੀ। ਉਹ ਸ਼ੁਰੂਆਤ ਸੀ ਅਕਾਲੀ ਦਲ ਨੂੰ ਬੀਜੇਪੀ ਦੀ 'ਪਤਨੀ' ਬਣਾਉਣ ਦਾ ਇਕ ਸਿੱਖ ਵਿਦਵਾਨ ਨੇ ਸ਼੍ਰੋਮਣੀ ਅਕਾਲੀ ਦਲ ਵਿਰੁਧ ਅਦਾਲਤ 'ਚ ਕੇਸ ਵੀ ਦਾਇਰ ਕੀਤਾ ਹੈ ਕਿ ਇਸ ਦੇ ਦੋ ਸੰਵਿਧਾਨ ਹਨ।
ਮੋਗਾ ਐਲਾਨਨਾਮੇ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਸਿਧਾਂਤ ਨੂੰ ਇੱਕ ਪਾਸੇ ਕਰਦਿਆਂ ਗੈਰ -ਸਿੱਖਾਂ ਨੂੰ ਸ੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਨਾ ਸ਼ੁਰੂ ਕੀਤਾ ਤਾਂ ਜੋ ਸਿੱਖਾਂ ਦੇ ਨਾਲ-ਨਾਲ ਹਿੰਦੂ ਵੋਟਾਂ ਵੀ ਬਟੋਰੀਆਂ ਜਾ ਸਕਣ। ਬਾਦਲਾਂ ਨੇ ਗੈਰ ਸਿਧਾਂਤਕ ਸਮਝੌਤਾ, ਸਿੱਖ ਵਿਰੋਧੀ ਕੱਟੜ ਜਮਾਤ ਭਾਜਪਾ ਆਰਐਸਐਸ ਨਾਲ ਕੀਤਾ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਵਿਚਾਰਧਾਰਾ ਆਪਾ- ਵਿਰੋਧੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਗਠਨ ਮੀਰੀ-ਪੀਰੀ ਸਿਧਾਂਤ ਤੇ ਕੀਤਾ ਗਿਆ। ਗੂਰੂ ਸਾਹਿਬ ਦੇ ਮੀਰੀ ਪੀਰੀ ਸਿਧਾਂਤ 'ਚ ਸਿਆਸਤ ਨੂੰ ਧਰਮ ਤੋਂ ਹੇਠਾਂ ਰੱਖਿਆ ਗਿਆ ਹੈ
ਪਰ ਜਦੋਂ ਦੀ ਵਾਗਡੋਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਕੋਲ ਸ਼੍ਰੋਮਣੀ ਅਕਾਲੀ ਦਲ ਦੀ ਆਈ ਹੈ, ਇਨ੍ਹਾਂ ਨੇ ਧਰਮ ਨੂੰ ਸਿਆਸਤ ਦੇ ਹੇਠਾਂ ਕਰ ਦਿੱਤਾ, ਜਿਸ ਦੀ ਉਦਾਹਰਨ ਸਭ ਦੇ ਸਾਹਮਣੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਸ਼੍ਰੀ ਅਕਾਲ-ਤਖਤ ਸਾਹਿਬ ਦਾ ਜਥੇਦਾਰ ਪਹਿਲਾਂ ਵਾਂਗ ਅਜਾਦ ਨਹੀਂ ਜੋ ਸਿੱਖ ਕੌਂਮ ਦੀ ਤਕਦੀਰ ਦੇ ਫੈਸਲੇ ਬਾਦਲ ਪਰਵਾਰ ਤੋਂ ਪੁੱਛ ਕੇ ਕਰਦੇ ਹਨ।
ਸਿੱਖ ਹਲਕਿਆਂ ਅਨੁਸਾਰ ਉਸ ਵੇਲੇ ਘਾਗ ਸਿਆਸਤਦਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ, ਜਥੇ ਕੁਲਦੀਪ ਸਿੰਘ ਵਡਾਲਾ ਤੇ ਹੋਰ ਪੰਥਕ ਆਗੂ ਵੱਡੇ ਬਾਦਲ ਦੀ ਸ਼ਤਰੰਜੀ ਸਿਆਸੀ ਚਾਲ ਨੂੰ ਸਮਝਣ 'ਚ ਨਾਕਾਮ ਰਹੇ। ਜੇ ਉਸ ਵੇਲੇ ਪੰਥਕ ਆਗੂਆਂ ਨੇ ਬਾਦਲਾਂ ਵਿਰੁਧ ਆਵਾਜ਼ ਬੁਲੰਦ ਕੀਤੀ ਹੁੰਦੀ ਤਾਂ ਸਿੱਖ ਸੰਸਥਾਵਾਂ ਅਜ਼ਾਦ ਹੋਂਦ ਬਰਕਰਾਰ ਰਹਿੰਦੀ। ਵਿਦਵਾਨਾਂ ਅਨੁਸਾਰ ਇਸ ਵੇਲੇ ਬਾਦਲ ਵਿਰੋਧੀ ਪੰਥਕ ਧਿਰਾਂ ਆਪੋ-ਆਪਣੇ ਮੁਫਾਦ ਲਈ ਰਾਜਨੀਤੀ ਤੇ ਧਾਰਮਿਕ ਸਰਗਰਮੀਆਂ ਕਰ ਰਹੀਆਂ ਹਨ ਪਰ ਸਿੱਖ ਕੌਂਮ ਦਾ ਉਨ੍ਹਾਂ ਦੇ ਅਤੀਤ ਦੀਆਂ ਘੋਰ ਗਲਤੀਆਂ ਕਾਰਨ ਵਿਸ਼ਵਾਸ਼ ਉਠ ਚੁੱਕਾ ਹੈ,
ਜਿਸ ਦਾ ਹਾਲ ਦੀ ਘੜੀ ਲਾਭ ਕੈਪਟਨ ਅਮਰਿੰਦਰ ਸਿੰਘ ਕਾਰਨ ਕਾਂਗਰਸ ਨੂੰ ਮਿਲਣ ਦੀ ਸੰਭਾਵਨਾ ਲੋਕ ਸਭਾ ਚੋਣਾਂ 'ਚ ਬਣੀ ਹੈ। ਸਿੱਖਾਂ ਦਾ ਵਿਸ਼ਵਾਸ਼ ਜਿੱਤਣ ਲਈ ਪੰਥਕ ਧਿਰਾਂ ਆਪਣੀ ਨਿੱਜੀ ਹਊਮੈਂ ਤਿਆਗ ਕੇ ਇੱਕ ਮੰਚ ਤੇ ਇਕੱਠੇ, ਬਾਦਲਾਂ ਵਿਰੁਧ ਹੋਣ ਪਵੇਗਾ। ਸਿੱਖ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਭਾਜਪਾ ਬਾਦਲ ਪਰਵਾਰ ਨੂੰ ਪਸੰਦ ਨਹੀਂ ਕਰ ਰਹੀ ਪਰ ਲੋਕ ਸਭਾ ਚੋਣਾਂ ਉਨ੍ਹਾਂ ਲਈ ਸਿਆਸੀ ਮਜਬੂਰੀ ਬਣ ਗਈਆਂ ਹਨ।
ਭਾਜਪਾ ਮਹਾਂਰਾਸ਼ਟਰ ਤੇ ਹਰਿਆਣਾ ਵਾਂਗ ਪੰਜਾਬ ਵਿੱਚ ਵੀ ਕੁਝ ਸਿੱਖ ਚਿਹਰੇ ਪਾਰਟੀ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਤਾਂ ਜੋ ਇਥੇ ਵੀ ਸਰਦਾਰੀ ਕਾਇਮ ਕਰ ਸਕੇ। ਪਰ ਅਜੇ ਉਨ੍ਹਾਂ ਦਾ ਸਿਆਸੀ ਦਾਅ ਨਹੀਂ ਲੱਗ ਰਿਹਾ। ਇਸ ਦੀ ਤਾਜ਼ਾ ਮਿਸਾਲ ਛਪੀਆਂ ਖਬਰਾਂ 'ਚ ਸ਼ਪਸ਼ਟ ਕਰਦੀ ਹੈ ਕਿ ਬਾਦਲਾਂ ਖ਼ਾਸ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਸਮਾਂ ਨਾ ਦੇਣ ਵਾਲਾ ਅਮਿਤ ਸ਼ਾਹ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹ ਰਿਹਾ ਹੈ।