
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਗੰਨੇ ਦੀ ਖੇਤੀ ਨੂੰ ਉਤਸ਼ਾਹਤ
ਸੰਗਰੂਰ, 31 ਮਾਰਚ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਖੇਤੀ ਵਿਗਿਆਨੀ ਅਤੇ ਹੁਣ ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੂਬੇ ਵਿਚ ਉਗਾਇਆ ਜਾ ਰਿਹਾ ਝੋਨਾ ਨਾ ਹੀ ਪੰਜਾਬੀਆਂ ਦੀ ਮੁੱਖ ਖ਼ੁਰਾਕ ਹੈ, ਨਾ ਹੀ ਪੰਜਾਬ ਦਾ ਵਾਤਾਵਰਨ ਤੇ ਪੌਣ ਪਾਣੀ ਝੋਨੇ ਦੀ ਫ਼ਸਲ ਉਗਾਉਣ ਲਈ ਭੂਗੋਲਿਕ ਤੌਰ ’ਤੇ ਸਹੀ ਜਾਂ ਉਪਯੋਗੀ ਹੈ। ਸੋ, ਪੰਜਾਬ ਵਿਚ ਝੋਨੇ ਦੀ ਥਾਂ ਹੋਰ ਫ਼ਸਲਾਂ ਬੀਜੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਸੂਬੇ ਦਾ ਜ਼ਮੀਨਦੋਜ਼ ਪਾਣੀ ਖਤਰੇ ਦੇ ਸੱਭ ਤੋਂ ਹੇਠਲੇ ਪੱਧਰ ਤਕ ਖਿਸਕ ਗਿਆ ਹੈ ਜਿਸ ਲਈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਜ਼ਮੀਨ ਵਿਚ ਸਿਰਫ਼ 17 ਸਾਲ ਦਾ ਪਾਣੀ ਹੀ ਬਚਿਆ ਹੈ ਤੇ ਇਸ ਸੂਬੇ ਦੀਆਂ ਅਗਲੀਆਂ ਨਸਲਾਂ ਨੂੰ ਇਸ ਵੀਰਾਨ ਅਤੇ ਬੰਜਰ ਹੋਣ ਜਾ ਰਹੀ ਧਰਤੀ ਤੋਂ ਬਾਹਰਲੇ ਦੇਸ਼ਾਂ ਜਾਂ ਬਾਹਰਲੇ ਸੂਬਿਆਂ ਵਲ ਯਕੀਨਨ ਪ੍ਰਵਾਸ ਕਰਨਾ ਪਵੇਗਾ।
ਪੰਜਾਬ ਦੇ ਕਿਸਾਨ ਬਹੁਤ ਮਿਹਨਤੀ ਹਨ ਤੇ ਉਹ ਇਸ ਧਰਤੀ ਤੇ ਹਰ ਉਸ ਫ਼ਸਲ ਨੂੰ ਉਗਾ ਸਕਦੇ ਹਨ ਜਿਸ ਦਾ ਮੰਡੀਕਰਨ ਵਧੀਆ ਹੋਵੇ। ਪੰਜਾਬ ਦੇ ਕਿਸਾਨ ਝੋਨੇ ਦੇ ਬਦਲ ਵਜੋਂ ਗੰਨੇ ਦੀ ਖੇਤੀ ਵੀ ਕਰ ਸਕਦੇ ਹਨ ਪਰ ਗੰਨਾ ਪੈਦਾ ਕਰਨ ਵਿਚ ਘੱਟ ਮੁਸ਼ਕਲਾਂ ਹਨ ਜਦ ਕਿ ਇਸ ਦੇ ਮੰਡੀਕਰਨ ਅਤੇ ਪੇਮੈਂਟ ਰਿਕਵਰੀ ਵਿਚ ਵਧੇਰੇ ਮੁਸ਼ਕਲਾਂ ਹਨ। ਪੰਜਾਬ ਸਰਕਾਰ ਜੇਕਰ ਚਾਹੇ ਤਾਂ ਗੰਨਾ ਮਿਲਾਂ ਦੇ ਖ਼ਰੀਦ ਅਤੇ ਅਦਾਇਗੀ ਵਿਚ ਸੁਧਾਰ ਕਰ ਕੇ ਗੰਨੇ ਦੀ ਫ਼ਸਲ ਨੂੰ ਹੋਰ ਵੀ ਲਾਹੇਵੰਦ ਬਣਾ ਸਕਦੀ ਹੈ। ਪੰਜਾਬ ਵਿਚ ਇਸ ਵੇਲੇ 23 ਗੰਨਾ ਮਿਲਾਂ ਹਨ ਜਿਨ੍ਹਾਂ ਵਿਚੋਂ 15 ਕੋਆਪਰੇਟਿਵ ਸੈਕਟਰ, 7 ਪ੍ਰਾਈਵੇਟ ਸੈਕਟਰ ਅਤੇ ਇਕ ਗੰਨਾ ਮਿੱਲ ਮਾਰਕਫੈਡ ਅਧੀਨ ਹੈ। ਕੋਆਪਰੇਟਿਵ ਸੈਕਟਰ ਦੀ ਸਹਾਇਤਾ ਨਾਲ ਚਲਦੀਆਂ ਪੰਜਾਬ ਸਰਕਾਰ ਦੀਆਂ ਤਿੰਨ ਸ਼ਰਾਬ ਡਿਸਟਿਲਰੀਆਂ ਵੀ ਹਨ ਜਿਹੜੀਆਂ ਇਸ ਨੂੰ ਚੰਗਾ ਸਰਮਾਇਆ ਪੈਦਾ ਕਰਦੀਆਂ ਹਨ ਪਰ ਹੁਣ ਸੂਬੇ ਵਿਚ ਸਾਰੀਆਂ 15 ਕੋਆਪਰੇਟਿਵ ਸ਼ੁਗਰ ਮਿਲਾਂ ਵਿਚੋਂ ਸਿਰਫ਼ 9 ਗੰਨਾ ਮਿੱਲਾਂ ਅਜਨਾਲਾ, ਬੁੱਢੇਵਾਲ, ਬਟਾਲਾ, ਭੋਗਪੁਰ, ਫਾਜ਼ਿਲਕਾ, ਗੁਰਦਾਸਪੁਰ, ਬਠਿੰਡਾ,ਨਕੋਦਰ ਅਤੇ ਨਵਾਂ ਸ਼ਹਿਰ ਵਿਚ ਚਲਦੀਆਂ ਹਨ ਜਦ ਕਿ ਇਸ ਅਦਾਰੇ ਦੀਆਂ 6 ਗੰਨਾਂ ਮਿਲਾਂ ਬੁਢਲਾਡਾ, ਫਰੀਦਕੋਟ, ਜਗਰਾਵਾਂ, ਪਟਿਆਲਾ, ਤਰਨਤਾਰਨ ਅਤੇ ਜ਼ੀਰਾ ਬੰਦ ਹਨ ਤੇ ਇਹ ਸਾਰੀਆਂ ਕਿਸਾਨਾ ਦਾ ਭੁਗਤਾਨ ਨਾ ਕਰਨ ਕਰ ਕੇ ਦੀਵਾਲੀਆ ਹਨ।
ਦੋਆਬੇ ਵਿਚ ਇਸ ਸਮੇਂ ਭੋਗਪੁਰ ਗੰਨਾ ਮਿੱਲ ਅਤੇ ਮਾਲਵੇ ਅੰਦਰ ਭਗਵਾਨਪੁਰਾ ਸ਼ੂਗਰ ਮਿੱਲ ਧੂਰੀ ਦੋ ਵੱਡੀਆਂ ਮਿੱਲਾਂ ਹਨ ਜਿਨ੍ਹਾਂ ਵਿਚ ਗੰਨਾ ਪੀੜਨ ਦੀ ਸਮਰੱਥਾ ਹੋਰ ਵੀ ਵਧਾਈ ਜਾ ਸਕਦੀ ਹੈ ਪਰ ਤਤਕਾਲੀ ਸਰਕਾਰਾਂ ਵਿਚ ਇੱਛਾ ਸ਼ਕਤੀ ਦੀ ਘਾਟ ਕਾਰਨ ਝੋਨੇ ਹੇਠਲਾ ਰਕਬਾ ਹਰ ਸਾਲ ਵਧਦਾ ਜਾ ਰਿਹਾ ਹੈ ਜਦ ਕਿ ਗੰਨੇ ਹੇਠਲਾ ਰਕਬਾ ਦਿਨੋ ਦਿਨ ਘਟ ਰਿਹਾ ਹੈ।
ਗੰਨੇ ਦੀ ਫ਼ਸਲ ਨੂੰ ਅੰਗਰੇਜ਼ੀ ਵਿਚ ਕੈਸ਼ ਕਰੌਪ ਕਿਹਾ ਜਾਂਦਾ ਹੈ ਪਰ ਕਿਸਾਨ ਅਪਣੀ ਫ਼ਸਲ ਦੀ ਪੇਮੈਂਟ ਲੈਣ ਲਈ ਹਰ ਸਾਲ ਧਰਨੇ ਮੁਜਾਹਰੇ ਕਰਦੇ ਤੇ ਡੀ ਸੀ ਦਫ਼ਤਰਾਂ ਦਾ ਘਿਰਾਉ ਵੀ ਕਰਦੇ ਹਨ।
ਸੂਬੇ ਵਿਚ ਰਾਜ ਕਰਦੀ ਆਮ ਆਦਮੀ ਦੀ ਸਰਕਾਰ ਤੋਂ ਪੰਜਾਬੀਆਂ ਨੂੰ ਬਹੁਤ ਵੱਡੀਆਂ ਆਸਾਂ ਹਨ ਇਸ ਲਈ ਉਨ੍ਹਾਂ ਨੂੰ ਗੰਨੇ ਦੀ ਖੇਤੀ ਲਈ ਬੁਨਿਆਦੀ ਸੁਧਾਰ ਕਰਨੇ ਸਮੇਂ ਦੀ ਵੱਡੀ ਲੋੜ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ ਹੈ। ਗੰਨਾ ਕਾਸਤਕਾਰਾਂ ਦਾ ਕਹਿਣਾ ਹੈ ਕਿ ਰਵਾਇਤੀ ਪਾਰਟੀਆਂ ਨੇ ਪਾਣੀ ਅਤੇ ਕਿਸਾਨੀ ਨੂੰ ਬਚਾਉਣ ਲਈ ਕੋਈ ਯੋਗਦਾਨ ਨਹੀਂ ਪਾਇਆ ਪਰ ਹੁਣ ਕਿਸਾਨੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਖ਼ਰੀ ਆਸ ਬਚੀ ਹੈ ।