ਕਿਹਾ: ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਸਿੱਧੂ 317 ਦਿਨ ਬਾਅਦ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਅਦ ਆਏ। ਉਹਨਾਂ ਨੂੰ 1988 ਦੇ ਪਟਿਆਲਾ ਰੋਡ ਰੇਜ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਸੁਪਰੀਮ ਕੋਰਟ ਨੇ ਸਿੱਧੂ 19 ਮਈ 2022 ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਆਪਣੇ ਸਮਰਥਕਾਂ ਨੂੰ ਸਲਾਮ ਕੀਤਾ। ਉਹਨਾਂ ਨੇ ਪਤਨੀ ਦੇ ਕੈਂਸਰ, ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ, ਕੇਂਦਰ ਸਰਕਾਰ, ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਮਲੇਰਕੋਟਲਾ ਦੇ ਨਵਾਬ ਦੇ ਵੰਸ਼ ਦੀ ਆਖ਼ਰੀ ਬੇਗਮ ਮੁਨੱਵਰ-ਉਨ-ਨਿਸਾ ਨੂੰ SGPC ਵਲੋਂ ਕੀਤਾ ਗਿਆ ਸਨਮਾਨਿਤ
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ 'ਤੇ ਸਿੱਧੂ ਨੇ ਕਿਹਾ- ਅੱਜ ਲੋਕਤੰਤਰ ਜ਼ੰਜੀਰਾਂ 'ਚ ਹੈ। ਅਦਾਰੇ ਗੁਲਾਮ ਹਨ। ਜਦੋਂ ਵੀ ਇਸ ਦੇਸ਼ ਵਿਚ ਤਾਨਾਸ਼ਾਹੀ ਆਈ ਹੈ, ਇਨਕਲਾਬ ਵੀ ਆਇਆ ਹੈ। ਇਸ ਵਾਰ ਉਸ ਇਨਕਲਾਬ ਦਾ ਨਾਂਅ ਰਾਹੁਲ ਹੈ ਜੋ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਪੁਰਖਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਪੁਰਖਿਆਂ ਤੋਂ ਪ੍ਰੇਰਣਾ ਲੈ ਕੇ ਰਾਹੁਲ ਗਾਂਧੀ ਲੋਕਤੰਤਰ ਅਤੇ ਸੰਸਥਾਵਾਂ ਦੀਆਂ ਬੇੜੀਆਂ ਕੱਟ ਰਹੇ ਹਨ। ਮੈਂ ਔਖੇ ਵੇਲੇ ਹਰ ਵਰਕਰ, ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਖੜ੍ਹਾ ਰਹਾਂਗਾ।
ਇਹ ਵੀ ਪੜ੍ਹੋ: ਸੰਸਦ ਵਿਚ ਗਤੀਰੋਧ ਖਤਮ ਨਹੀਂ ਕਰਨਾ ਚਾਹੁੰਦੀ ਕੇਂਦਰ ਸਰਕਾਰ, ਜੇਪੀਸੀ ਦੀ ਮੰਗ ਜਾਰੀ ਰਹੇਗੀ: ਕਾਂਗਰਸ
ਸਿੱਧੂ ਨੇ ਪੰਜਾਬ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਮੇਰੀ ਪਤਨੀ ਨੂੰ ਕੈਂਸਰ ਹੈ ਪਰ ਫਿਰ ਵੀ ਮੈਂ ਜੇਲ੍ਹ ’ਚੋਂ ਛੁੱਟੀ ਨਹੀਂ ਲਈ। ਮੇਰੀ ਲੜਾਈ ਮੇਰੇ ਪਰਿਵਾਰ ਲਈ ਨਹੀਂ ਸਗੋਂ ਪੰਜਾਬ ਲਈ ਹੈ। ਪੰਜਾਬ ਦੇ ਲੋਕਾਂ ਵਿਚ ਮੈਨੂੰ ਰੱਬ ਦਿਸਦਾ ਹੈ। ਸਿੱਧੂ ਨੇ ਕਿਹਾ ਕਿ ਮੈਂ ਸੰਵਿਧਾਨ ਨੂੰ ਆਪਣਾ ਗ੍ਰੰਥ ਮੰਨਦਾ ਹਾਂ। ਜਿਹੜੀਆਂ ਸੰਸਥਾਵਾਂ ਸੰਵਿਧਾਨ ਦੀ ਤਾਕਤ ਸਨ, ਉਹ ਅੱਜ ਗ਼ੁਲਾਮ ਹੋ ਗਈਆਂ ਹਨ। ਮੈਂ ਘਬਰਾਉਂਦਾ ਨਹੀਂ, ਮੌਤ ਤੋਂ ਨਹੀਂ ਡਰਦਾ ਕਿਉਂਕਿ ਜੋ ਮੈਂ ਕਰਦਾ ਹਾਂ ਉਹ ਪੰਜਾਬ ਦੀ ਅਗਲੀ ਪੀੜ੍ਹੀ ਲਈ ਕਰਦਾ ਹਾਂ। ਕੇਂਦਰ ਸਰਕਾਰ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ, ਜਿਸ ਦੇ ਚੱਲਦੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕਮਜ਼ੋਰ ਹੋ ਜਾਓਗੇ
ਇਹ ਵੀ ਪੜ੍ਹੋ: ਬੈਂਕ ਕਰਜ਼ਾ ਧੋਖਾਧੜੀ: SBI ਨਾਲ 95 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਕਾਰੋਬਾਰੀ ਗ੍ਰਿਫ਼ਤਾਰ
ਸਿੱਧੂ ਨੇ ਕਿਹਾ ਕਿ ਅੱਜ ਸਰਕਾਰ ਪੂਰੀ ਤਰ੍ਹਾਂ ਖੌਫਜ਼ਦਾ ਹੈ, ਜਿਸ ਦੇ ਚੱਲਦੇ ਉਹਨਾਂ ਨੂੰ ਦੇਰੀ ਨਾਲ ਜੇਲ੍ਹ ’ਚੋਂ ਬਾਹਰ ਕੱਢਿਆ ਗਿਆ ਹੈ ਕਿਉਂਕਿ ਜੇਲ੍ਹ ਦੇ ਬਾਹਰ ਉਹਨਾਂ ਦੇ ਸਮਰਥਕਾਂ ਦਾ ਵੱਡਾ ਇਕੱਠ ਦੇਖ ਕੇ ਸਰਕਾਰ ਘਬਰਾ ਗਈ ਹੈ। ਸਿੱਧੂ ਨੇ ਕਿਹਾ ਕਿ ਵੋਟਾਂ ਵੇਲੇ ਪੰਜਾਬ ਦੇ ਲੋਕਾਂ ਨੂੰ ਵੱਡੇ ਵਾਅਦੇ ਕੀਤੇ ਗਏ ਪਰ ਇਹ ਵਾਅਦੇ ਸਿਰਫ ਗੱਲਾਂ ਵਿਚ ਹੀ ਸਨ। ਸਰਕਾਰ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਜਨਤਾ ਦਾ ਪੈਸਾ ਖ਼ਰਾਬ ਕਰ ਰਹੀ ਹੈ ਜਦਕਿ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਲੈ ਕੇ ਸੂਬੇ ਨੂੰ ਹੋਰ ਕਰਜ਼ਾਈ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਕਾਨੂੰਨ ਵਿਵਸਥਾ ਲਈ ਕੇਂਦਰ ਸਰਕਾਰ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਸੂਬਾ ਸਰਕਾਰ। ਸਿੱਧੂ ਮੂਸੇਵਾਲਾ ਦੇ ਮੁੱਦੇ ਉੱਤੇ ਮੈਂ ਉਸ ਦੇ ਘਰ ਜਾ ਕੇ ਗੱਲ ਕਰਾਂਗਾ।