ਸਾਡਾ ਮਿਸ਼ਨ ਪੰਜਾਬ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨਾ ਹੈ: ਕੇਜਰੀਵਾਲ
Published : Apr 1, 2025, 8:53 pm IST
Updated : Apr 1, 2025, 8:53 pm IST
SHARE ARTICLE
Our mission is to eradicate drugs from Punjab: Kejriwal
Our mission is to eradicate drugs from Punjab: Kejriwal

ਕਿਹਾ- 'ਨਸ਼ਿਆਂ ਖਿਲਾਫ ਆਪ' ਸਰਕਾਰ ਜੰਗ ਲੜ ਰਹੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰ ਫੜੇ ਜਾ ਚੱਕੇ ਹਨ, ਕਈ ਸੂਬਾ ਛੱਡ ਕੇ ਭੱਜ ਗਏ

ਲੁਧਿਆਣਾ/ਚੰਡੀਗੜ੍ਹ: 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਵਿੱਚ 'ਆਪ' ਦੇ ਕਾਰਜਕਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਮਿਸ਼ਨ ਦੀ ਰੂਪ-ਰੇਖਾ ਪੇਸ਼ ਕੀਤੀ। ਇਸਨੂੰ ਸੂਬੇ ਦੇ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਦੱਸਦੇ ਹੋਏ, ਕੇਜਰੀਵਾਲ ਨੇ 'ਆਪ' ਵਲੰਟੀਅਰਾਂ ਦੇ ਇਕੱਠ ਨੂੰ ਭਰੋਸਾ ਦਿੱਤਾ ਕਿ ਇਹ ਮਿਸ਼ਨ ਸਿਰਫ਼ ਇੱਕ ਟੀਚਾ ਨਹੀਂ ਹੈ, ਸਗੋਂ ਇੱਕ ਸਮੂਹਿਕ ਵਚਨਬੱਧਤਾ ਹੈ ਜੋ ਪੰਜਾਬ ਦੇ ਹਰ ਵਿਅਕਤੀ ਨੂੰ ਨਸ਼ਿਆਂ ਦੇ ਚੁੰਗਲ ਤੋਂ ਮੁਕਤ ਕਰਨ ਲਈ ਇੱਕਜੁੱਟ ਕਰੇਗੀ।

'ਆਪ' ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, "ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪੰਜਾਬ ਵਿੱਚ 'ਆਪ' ਦੀ ਸਰਕਾਰ ਸਥਾਪਤ ਕਰਨ ਲਈ ਦਿਨ ਰਾਤ ਕੰਮ ਕੀਤਾ। ਅੱਜ ਦੀ ਮੀਟਿੰਗ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਇੱਥੇ ਇੱਕ ਮਿਸ਼ਨ ਲਈ ਇਕੱਠੇ ਹੋਏ ਹਾਂ - ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ। ਮੇਰਾ ਪੂਰਾ ਵਿਸ਼ਵਾਸ ਹੈ ਕਿ ਜੇਕਰ ਇੱਥੇ ਹਰ ਵਿਅਕਤੀ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ ਖਾਂਦਾ ਹੈ, ਤਾਂ ਸਾਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ।"

 ਅਰਵਿੰਦ ਕੇਜਰੀਵਾਲ ਦੇ ਨਾਲ 'ਆਪ' ਆਗੂਆਂ ਅਤੇ ਵਲੰਟੀਅਰਾਂ ਨੇ ਸਹੁੰ ਚੁੱਕੀ, "ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ। ਮੈਂ ਆਮ ਆਦਮੀ ਪਾਰਟੀ ਦਾ ਸੱਚਾ ਵਲੰਟੀਅਰ ਹਾਂ। ਅੱਜ, ਮੈਂ ਪੰਜਾਬ ਦੀ ਮਿੱਟੀ ਦੀ ਸਹੁੰ ਖਾਂਦਾ ਹਾਂ ਕਿ ਮੈਂ ਖੁਦ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ। ਮੈਂ ਆਪਣੇ ਦੋਸਤਾਂ, ਪਰਿਵਾਰ ਅਤੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜਿੱਥੇ ਵੀ ਮੈਂ ਨਸ਼ਾ ਵਿਕਦਾ ਦੇਖਾਂਗਾ, ਮੈਂ ਪੁਲਿਸ ਨੂੰ ਸੂਚਿਤ ਕਰਾਂਗਾ। ਮੈਂ ਡਰਾਂਗਾ ਨਹੀਂ। ਕਿਉਂਕਿ ਇਸ ਲੜਾਈ ਵਿੱਚ, ਪਰਮਾਤਮਾ ਮੇਰੇ ਨਾਲ ਹੈ। ਮੈਂ ਸਿੱਖਿਆ ਨੂੰ ਚੁਣਾਂਗਾ, ਨਸ਼ੇ ਨੂੰ ਨਹੀਂ, ਮੈਂ ਤਰੱਕੀ ਨੂੰ ਚੁਣਾਂਗਾ, ਵਿਨਾਸ਼ ਨੂੰ ਨਹੀਂ ਅਤੇ ਮੈਂ ਇਨਕਲਾਬ ਨੂੰ ਚੁਣਾਂਗਾ, ਚੁੱਪ ਨੂੰ ਨਹੀਂ। ਆਮ ਆਦਮੀ ਪਾਰਟੀ ਦੇ ਇੱਕ ਸੱਚੇ ਸਿਪਾਹੀ ਵਜੋਂ, ਮੈਂ ਸਹੁੰ ਖਾਂਦਾ ਹਾਂ ਕਿ ਮੈਂ ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਪੰਜਾਬ ਨਸ਼ਿਆਂ ਤੋਂ ਮੁਕਤ ਨਹੀਂ ਹੋ ਜਾਂਦਾ।"

ਕੇਜਰੀਵਾਲ ਨੇ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਬੇਮਿਸਾਲ ਕਾਰਵਾਈਆਂ ਕੀਤੀਆਂ ਗਈਆਂ ਹਨ। "ਪਿਛਲੇ ਮਹੀਨੇ ਵਿੱਚ ਜੋ ਕੁਝ ਪ੍ਰਾਪਤ ਹੋਇਆ ਹੈ ਉਹ ਕੁਝ ਅਜਿਹਾ ਹੈ ਜੋ 75 ਸਾਲਾਂ ਵਿੱਚ ਕਿਸੇ ਨੇ ਨਹੀਂ ਦੇਖਿਆ," ਉਨ੍ਹਾਂ ਨੇ ਨਸ਼ਿਆਂ ਦੀ ਤਸਕਰੀ ਅਤੇ ਇਸ ਨਾਲ ਜੁੜੇ ਨੈੱਟਵਰਕਾਂ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਹਂਦ ਨੂੰ ਰੇਖਾਂਕਿਤ ਕਰਦੇ ਹੋਏ ਇਹ ਟਿੱਪਣੀ ਕੀਤੀ।

 ਕੇਜਰੀਵਾਲ ਨੇ ਅੱਗੇ ਕਿਹਾ, "ਸਿਰਫ਼ ਇੱਕ ਮਹੀਨੇ ਵਿੱਚ ਹਜ਼ਾਰਾਂ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਇਹ ਉਹੀ ਤਸਕਰ ਹਨ, ਜਿਨ੍ਹਾਂ ਦੇ ਨਾਂ ਸੁਣ ਕੇ ਲੋਕਾਂ ਦੇ ਦਿਲ ਕੰਬ ਜਾਂਦੇ ਸਨ। ਅੱਜ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਦੇ ਸੌਦਾਗਰਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਹਵਾਲਾਤੀਆਂ ਰਾਹੀਂ ਪਾਕਿਸਤਾਨ ਭੇਜੇ ਜਾਣ ਵਾਲੇ ਪੈਸੇ ਸਮੇਤ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਪੈਸੇ ਬਰਾਮਦ ਕੀਤੇ ਜਾ ਰਹੇ ਹਨ।"

ਨਸ਼ਾ ਤਸਕਰਾਂ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਕੇਜਰੀਵਾਲ ਨੇ ਕਿਹਾ, "ਜੇ ਕੋਈ ਪੁਲਿਸ ਨਾਲ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤਾਂ ਪੁਲਿਸ ਕਾਰਵਾਈ ਕਰਨ ਤੋਂ ਨਹੀਂ ਝਿਜਕੇਗੀ। ਸੰਦੇਸ਼ ਸਪੱਸ਼ਟ ਹੈ: ਜਾਂ ਤਾਂ ਨਸ਼ਾ ਵੇਚਣਾ ਬੰਦ ਕਰੋ ਜਾਂ ਪੰਜਾਬ ਛੱਡ ਦਿਓ।"

ਕੇਜਰੀਵਾਲ ਨੇ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਪੰਜਾਬ ਦੀ ਦਰਜਾਬੰਦੀ ਵਿੱਚ ਨਾਟਕੀ ਗਿਰਾਵਟ ਨੂੰ ਵੀ ਉਜਾਗਰ ਕੀਤਾ, ਜੋ ਹੁਣ ਪਹਿਲੇ ਨੰਬਰ ਤੋਂ 18ਵੇਂ ਨੰਬਰ 'ਤੇ ਆ ਗਈ ਹੈ। ਉਨ੍ਹਾਂ ਇਸ ਗਿਰਾਵਟ ਲਈ ਸਿਆਸੀ ਸ਼ਖ਼ਸੀਅਤਾਂ 'ਤੇ ਦੋਸ਼ ਲਗਾਇਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਸੱਤਾ ਅਤੇ ਪੈਸੇ ਲਈ ਵੇਚ ਦਿੱਤਾ ਹੈ। ਉਨ੍ਹਾਂ ਕਿਹਾ, "ਪੰਜਾਬ ਵਿੱਚ ਨਸ਼ੇ ਲਿਆਉਣ ਲਈ ਜ਼ਿੰਮੇਵਾਰ, ਸੱਤਾ ਦੀ ਖਾਤਰ ਪੰਜਾਬ ਦੀ ਜਵਾਨੀ ਨੂੰ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ।"

 ਉਨ੍ਹਾਂ ਨੇ 'ਆਪ' ਦੇ ਯਤਨਾਂ ਦੀ ਤੁਲਨਾ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨਾਲ ਕੀਤੀ ਅਤੇ ਇਕੱਠ ਨੂੰ ਉਨ੍ਹਾਂ ਦੇ ਅਸਫਲ ਵਾਅਦਿਆਂ ਦੀ ਯਾਦ ਦਿਵਾਈ। ਕੇਜਰੀਵਾਲ ਨੇ ਕਿਹਾ "ਕਾਂਗਰਸ ਨੇ ਗੁਟਕਾ ਸਾਹਿਬ ਨਾਲ ਸਹੁੰ ਖਾਧੀ ਸੀ, ਦਾਅਵਾ ਕੀਤਾ ਸੀ ਕਿ ਉਹ ਚਾਰ ਹਫ਼ਤਿਆਂ ਦੇ ਅੰਦਰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਗੇ, ਪਰ ਜਦੋਂ ਉਹ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਕੁਝ ਨਹੀਂ ਕੀਤਾ,"।

ਇਮਾਨਦਾਰ ਸ਼ਾਸਨ ਪ੍ਰਤੀ 'ਆਪ' ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਉਨ੍ਹਾਂ ਕਿਹਾ, "ਆਪ' ਦੀ ਸਰਕਾਰ ਇੱਕ ਇਮਾਨਦਾਰ ਸਰਕਾਰ ਹੈ। ਅਸੀਂ ਕਦੇ ਵੀ ਅਜਿਹੀ ਸਰਕਾਰ ਨਹੀਂ ਬਣਾਂਗੇ ਜਿਸਨੂੰ ਖਰੀਦਿਆ ਜਾ ਸਕੇ। ਅਸੀਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਾਂ, ਅਤੇ ਇਸ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।"

ਕੇਜਰੀਵਾਲ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਲੰਟੀਅਰਾਂ ਨੂੰ ਜ਼ਮੀਨੀ ਪੱਧਰ 'ਤੇ ਆਪਣੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ "ਜੇਕਰ ਨਸ਼ਾ ਤਸਕਰ ਤੁਹਾਡੇ ਪਿੰਡ ਵਿੱਚ ਨਸ਼ਾ ਵੇਚਣ ਆਉਂਦੇ ਹਨ, ਤਾਂ ਉਨ੍ਹਾਂ ਨੂੰ ਇਜਾਜ਼ਤ ਨਾ ਦਿਓ ਅਤੇ ਡਰੋ ਨਾ, ਕਿਉਂਕਿ ਪੁਲਿਸ ਅਤੇ ਪ੍ਰਸ਼ਾਸਨ ਤੁਹਾਡੇ ਨਾਲ ਹੈ,"। ਉਨ੍ਹਾਂ ਬਲਾਕ ਪ੍ਰਧਾਨਾਂ ਨੂੰ ਆਪਣੇ ਪਿੰਡਾਂ ਵਿੱਚ ਜਾਣ ਅਤੇ ਇਹ ਸੁਨੇਹਾ ਫੈਲਾਉਣ ਦਾ ਅਪੀਲ ਕੀਤੀ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ।

 ਕੇਜਰੀਵਾਲ ਨੇ ਐਲਾਨ ਕੀਤਾ, "ਮੈਂ ਪਹਿਲਾਂ ਕਿਹਾ ਸੀ ਕਿ 1 ਅਪ੍ਰੈਲ ਤੋਂ, ਅਸੀਂ ਹਰ ਪਿੰਡ ਦੇ ਦੌਰੇ ਸ਼ੁਰੂ ਕਰਾਂਗੇ। ਹਾਲਾਂਕਿ, ਚੱਲ ਰਹੀ ਵਾਢੀ ਦੇ ਸੀਜ਼ਨ ਕਾਰਨ, ਅਸੀਂ ਇਸਨੂੰ ਇੱਕ ਮਹੀਨੇ ਲਈ ਮੁਲਤਵੀ ਕਰ ਰਹੇ ਹਾਂ। ਪਰ ਕੱਲ੍ਹ ਤੋਂ, ਅਸੀਂ ਸ਼ਹਿਰਾਂ ਵਿੱਚ ਸਕੂਲ ਅਤੇ ਕਾਲਜ ਦੇ ਬੱਚਿਆਂ ਨਾਲ ਇੱਕ ਪੈਦਲ ਯਾਤਰਾ ਸ਼ੁਰੂ ਕਰਾਂਗੇ, ਜਿੱਥੇ ਉਹ ਖੁਦ ਨਸ਼ੇ ਦੀ ਵਰਤੋਂ ਨਾ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਸਹੁੰ ਚੁੱਕਣਗੇ ਕਿ ਕੋਈ ਵੀ ਪੰਜਾਬ ਵਿੱਚ ਨਸ਼ਾ ਨਾ ਵੇਚੇ।"

ਉਨ੍ਹਾਂ ਮੁਹਿੰਮ ਦੇ ਭਵਿੱਖ ਦੇ ਕਦਮਾਂ ਦੀ ਰੂਪਰੇਖਾ ਵੀ ਦਿੱਤੀ ਅਤੇ ਦੱਸਿਆ ਕਿ 1 ਮਈ ਤੋਂ, ਉਹ ਪਾਰਟੀ ਨੇਤਾਵਾਂ, ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ, ਹਰ ਪਿੰਡ ਦਾ ਦੌਰਾ ਕਰਨਗੇ। "ਬਲਾਕ ਪ੍ਰਧਾਨ ਦਸ ਪਿੰਡਾਂ ਦਾ ਦੌਰਾ ਕਰਨਗੇ ਅਤੇ ਇਹ ਸੰਦੇਸ਼ ਫੈਲਾਉਣਗੇ ਕਿ ਪਿੰਡ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ। ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਪਿੰਡ ਰੱਖਿਆ ਕਮੇਟੀ ਸਥਾਪਤ ਕੀਤੀ ਹੈ ਅਤੇ ਅਸੀਂ ਆਪਣੇ ਪਿੰਡਾਂ ਵਿੱਚੋਂ ਨਸ਼ਿਆਂ ਦੇ ਖਾਤਮੇ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਾਂਗੇ,"।

ਨੌਜਵਾਨਾਂ ਨੂੰ ਹੋਰ ਜੋੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ, ਕੇਜਰੀਵਾਲ ਨੇ ਐਲਾਨ ਕੀਤਾ, "ਅਸੀਂ ਪੰਜਾਬ ਭਰ ਵਿੱਚ ਖੇਡ ਦੇ ਮੈਦਾਨ ਸਥਾਪਤ ਕਰ ਰਹੇ ਹਾਂ ਅਤੇ ਹਰ ਪਿੰਡ ਵਿੱਚ ਜਲਦੀ ਹੀ ਇੱਕ ਖੇਡ ਦਾ ਮੈਦਾਨ ਹੋਵੇਗਾ ਜਿੱਥੇ ਨੌਜਵਾਨ ਖੇਡਾਂ ਵਿੱਚ ਹਿੱਸਾ ਲੈ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ।"

ਨਸ਼ਾ ਮੁਕਤ ਪੰਜਾਬ ਬਣਾਉਣ ਦੀ ਵਚਨਬੱਧਤਾ ਨਾਲ, ਕੇਜਰੀਵਾਲ ਨੇ ਪਾਰਟੀ ਨੇਤਾਵਾਂ ਅਤੇ ਵਲੰਟੀਅਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਲੋਕਾਂ ਲਈ ਇੱਕ ਬਿਹਤਰ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਲਈ ਲੜਦੀ ਰਹੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement