
ਅਕਾਲੀਆਂ ਨੂੰ 2013 ਵਾਲੇ ਪਾਠ ਪੁਸਤਕ ਵਿਵਾਦ ਦਾ ਕਰਾਇਆ ਚੇਤਾ
ਚੰਡੀਗੜ੍ਹ, 30 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਸਿਖਿਆ ਮੰਤਰੀ ਓ.ਪੀ. ਸੋਨੀ ਨੇ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ 'ਤੇ ਅਕਾਲੀਆਂ ਵਲੋਂ ਮੁੱਖ ਮੰਤਰੀ ਵਿਰੁਧ ਲਾਏ ਗਏ ਦੋਸ਼ਾਂ ਦੇ ਮਾਮਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।ਸੋਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੀ ਚੁਨੌਤੀ ਨੂੰ ਸਵੀਕਾਰ ਹੀ ਨਹੀਂ ਕੀਤਾ ਸਗੋਂ ਪਿਛਲੇ ਕੁੱਝ ਦਿਨਾਂ ਤੋਂ ਬੋਲੇ ਗਏ ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼ ਕਰਨ ਲਈ ਅਕਾਲੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖੇ ਹਨ। ਮੁੱਖ ਮੰਤਰੀ ਵਲੋਂ ਜਾਰੀ 12ਵੀਂ ਜਮਾਤ ਦੇ ਸਿਲੇਬਸ ਦਾ ਵਿਸਤ੍ਰਿਤ ਅਧਿਐਨ ਇਹ ਦਰਸਾਉਂਦਾ ਹੈ ਕਿ ਸਕੂਲਾਂ ਦੇ ਸਿਲੇਬਸ ਵਿਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਛੇੜਿਆ ਜਾਂ ਹਟਾਇਆ ਨਹੀਂ ਗਿਆ।
Sukhbir Singh Badal
ਸਿਖਿਆ ਮੰਤਰੀ ਨੇ ਅਕਾਲੀਆਂ ਵਲੋਂ ਧਰਮ ਵਰਗੇ ਸੰਵੇਦਨਸ਼ੀਲ ਮੁੱਦੇ ਦਾ ਬੇਵਜ੍ਹਾ ਸਿਆਸੀਕਰਨ ਕਰਨ ਲਈ ਕੋਸ਼ਿਸ਼ਾਂ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬਾਦਲਾਂ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਉਹ ਅਪਣੇ ਨਿਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੇਠਲੇ ਪੱਧਰ 'ਤੇ ਜਾ ਸਕਦੇ ਹਨ। ਸੋਨੀ ਨੇ ਕਿਹਾ ਕਿ ਅਕਾਲੀਆਂ ਨੇ ਅਪਣੇ ਸ਼ਾਸਨਕਾਲ ਦੌਰਾਨ ਕਿਤਾਬਾਂ ਵਿਚ ਅਸ਼ਲੀਲਤਾ ਵਾਲੇ ਸੰਦਰਭਾਂ ਨੂੰ ਵਰਤਣ ਦੀ ਇਜ਼ਾਜਤ ਦਿਤੀ ਸੀ। ਉਨ੍ਹਾਂ ਪ੍ਰਾਈਵੇਟ ਸਪਲਾਇਰਾਂ ਵਲੋਂ ਛਾਪੀਆਂ ਸਕੂਲ ਦੀਆਂ ਕਿਤਾਬਾਂ ਨਾਲ ਸਬੰਧਤ 2013 ਦੇ ਵਿਵਾਦ ਦਾ ਚੇਤਾ ਵੀ ਕਰਵਾਇਆ। ਸਿਖਿਆ ਮੰਤਰੀ ਨੇ ਕਿਹਾ ਕੈਪਟਨ ਸਰਕਾਰ ਨੇ ਪਹਿਲੀ ਵਾਰ ਇਤਿਹਾਸ ਦੀਆਂ ਕਿਤਾਬਾਂ ਨੂੰ ਛਾਪਣ ਦਾ ਕਾਰਜ ਪੰਜਾਬ ਸਕੂਲ ਸਿਖਿਆ ਬੋਰਡ (ਪੀ.ਐਸ.ਈ.ਬੀ.) ਨੂੰ ਸੌਂਪਿਆ ਹੈ ਜੋ ਪਹਿਲਾਂ ਇਸ ਪ੍ਰਕ੍ਰਿਆ ਵਿਚ ਸ਼ਾਮਲ ਨਹੀਂ ਸੀ। ਸੋਨੀ ਨੇ 'ਆਪ' ਆਗੂ ਸੁਖਪਾਲ ਖਹਿਰਾ ਦੀ ਵੀ ਨਿਖੇਧੀ ਕੀਤੀ ਕਿਉਂਕਿ 2013 ਵਿਚ ਕਾਂਗਰਸ ਨੇਤਾ ਦੇ ਤੌਰ 'ਤੇ ਖਹਿਰਾ ਨੇ ਪਾਠ ਪੁਸਤਕ ਦੇ ਵਿਵਾਦ ਵਿਚ ਅਕਾਲੀਆਂ ਵਿਰੁਧ ਪੁਰਜ਼ੋਰ ਆਵਾਜ਼ ਉਠਾਈ ਸੀ ਪਰ ਹੁਣ ਉਹ ਅਕਾਲੀਆਂ ਦਾ ਸਾਥ ਦਿੰਦੇ ਜਾਪ ਰਹੇ ਹਨ।