
ਭਾਜਪਾ ਨੇਤਾ ਵਿਜੈ ਸਾਂਪਲਾ ਦੇ ਇਕ ਭਾਸ਼ਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਭਾਜਪਾ ‘ਤੇ ਹਮਲਾ ਕੀਤਾ ਹੈ।
ਫਗਵਾੜਾ: ਭਾਜਪਾ ਨੇਤਾ ਵਿਜੈ ਸਾਂਪਲਾ ਦੇ ਇਕ ਭਾਸ਼ਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਭਾਜਪਾ ‘ਤੇ ਹਮਲਾ ਕੀਤਾ ਹੈ। ਦਰਅਸਲ ਭਾਜਪਾ ਨੇਤਾ ਵਿਜੈ ਸਾਂਪਲਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਉਹਨਾਂ ਨੇ ਫਗਵਾੜਾ ਵਿਚ ਭਾਜਪਾ ਕਰਮਚਾਰੀਆਂ ਖਿਲਾਫ ਦਰਜ 38 ਝੂਠੇ ਮਾਮਲਿਆਂ ਨੂੰ ਰੱਦ ਕਰਨ ਦੀ ਗੱਲ ਕਹੀ ਸੀ। ਕਾਂਗਰਸ ਦਾ ਕਹਿਣਾ ਹੈ ਕਿ ਇਸ ਵੀਡੀਓ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਿਸ ਤਰ੍ਹਾਂ ਅਕਾਲੀ-ਭਾਜਪਾ ਨੇਤਾ ਅਪਣੇ ਸ਼ਾਸਨਕਾਲ ਦੌਰਾਨ ਪੁਲਿਸ ਦੀ ਵਰਤੋਂ ਕਰ ਰਹੇ ਹਨ।
ਇਹ ਵੀਡੀਓ ਕਲਿੱਪ 26 ਅਪ੍ਰੈਲ ਨੂੰ ਦਿੱਲੀ ਤੋਂ ਵਾਪਿਸ ਹੁਸ਼ਿਆਰਪੁਰ ਪਰਤਣ ਤੋਂ ਬਾਅਦ ਅਪਣੇ ਘਰ ਵਿਚ ਦਿੱਤੇ ਵਿਜੈ ਸਾਂਪਲਾ ਦੇ ਭਾਸ਼ਣ ਦੀ ਹੈ। ਇਸ ਵਿਚ ਉਹਨਾਂ ਨੇ ਹਰਿਆਣਾ ਦੇ ਵਿੱਤ ਮੰਤਰੀ ਅਤੇ ਪੰਜਾਬ ਪਾਰਟੀ ਮਾਮਲਿਆਂ ਦੇ ਇੰਚਾਰਜ ਕੈਪਟਨ ਅਭਿਮਨਿਊ ਦੀ ਮੌਜੂਦਗੀ ਵਿਚ ਅਪਣੀਆਂ ਭਾਵਨਾਵਾਂ ਨੂੰ ਵਿਅਕਤ ਕੀਤਾ ਸੀ। ਫਗਵਾੜਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁਕੇ ਕਾਂਗਰਸ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਭਾਸ਼ਣ ਵਿਚ ਵਿਜੈ ਸਾਂਪਲਾ ਕਹਿ ਰਹੇ ਹਨ ਕਿ ਫਗਵਾੜਾ ਦੇ ਵਿਧਾਇਕ ਅਤੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੇ ਅਪਣੀ ਹੀ ਪਾਰਟੀ ਦੇ ਕਰਮਚਾਰੀਆਂ ਖਿਲਾਫ ਝੂਠੇ ਮਾਮਲੇ ਦਰਜ ਕਰਵਾਏ ਅਤੇ ਵਿਜੈ ਸਾਂਪਲਾ ਉਹਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾ ਸੋਮ ਪ੍ਰਕਾਸ਼ ਨੇ ਝੂਠੇ ਮਾਮਲੇ ਦਰਜ ਕਰਵਾਏ ਹਨ ਜਾਂ ਵਿਜੈ ਸਾਂਪਲਾ ਕਾਨੂੰਨ ਦੀ ਪ੍ਰਕਿਰਿਆ ਵਿਚ ਦਖਲ ਦੇ ਰਹੇ ਹਨ। ਇਸ ਤਰ੍ਹਾਂ ਦੋਵੇਂ ਹੀ ਮਾਮਲਿਆਂ ਵਿਚ ਭਾਜਪਾ ਨੇਤਾ ਪੁਲਿਸ ਕੋਲੋਂ ਅਪਣੇ ਤਰੀਕਿਆਂ ਨਾਲ ਕੰਮ ਕਰਵਾ ਰਹੇ ਹਨ, ਚਾਹੇ ਝੂਠੇ ਮਾਮਲੇ ਦਰਜ ਕਰਾ ਕੇ ਜਾਂ ਮਾਮਲਿਆਂ ਨੂੰ ਰੱਦ ਕਰਕੇ। ਮਾਨ ਦਾ ਕਹਿਣਾ ਹੈ ਕਿ ਵਿਜੈ ਸਾਂਪਲਾ ਦੇ ਭਾਸ਼ਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ-ਭਾਜਪਾ ਨੇਤਾ ਅਪਣੇ ਸਿਆਸੀ ਫਾਇਦੇ ਲਈ ਪੁਲਿਸ ਦੀ ਵਰਤੋਂ ਕਰ ਰਹੇ ਹਨ।
ਦੱਸ ਦਈਏ ਕਿ ਸਾਂਪਲਾ ਨੂੰ ਭਾਜਪਾ ਵੱਲੋਂ ਹੁਸ਼ਿਆਰਪੁਰ ਸੀਟ ਤੋਂ ਟਿਕਟ ਨਾ ਮਿਲਣ ‘ਤੇ ਉਹਨਾਂ ਵੱਲੋਂ ਸੋਮ ਪ੍ਰਕਾਸ਼ ਦਾ ਵਿਰੋਧ ਵੀ ਕੀਤਾ ਗਿਆ ਪਰ ਬਾਅਦ ਵਿਚ ਉਹਨਾਂ ਨੇ ਕਿਹਾ ਸੀ ਕਿ ਉਹ ਮੋਦੀ ਨੂੰ ਸੱਤਾ ਵਿਚ ਵਾਪਸ ਲਿਆਉਣ ਲਈ ਕੰਮ ਕਰਨਗੇ। ਹੁਣ ਵਿਜੈ ਸਾਂਪਲਾ ਦਾ ਭਾਸ਼ਣ ਅਕਾਲੀ ਦਲ ਅਤੇ ਭਾਜਪਾ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਿਆ ਹੈ।