
ਸ਼ਹਿਰ 'ਚ ਬਾਪੂਧਾਮ ਕਾਲੋਨੀ ਤੇ ਜੀਐਮਸੀਐਚ-32 ਬਣੇ ਕੋਰੋਨਾ ਦਾ ਕੇਂਦਰ
ਚੰਡੀਗੜ੍ਹ, 30 ਅਪ੍ਰੈਲ (ਤਰੁਣ ਭਜਨੀ): ਸ਼ਹਿਰ ਵਿਚ ਵੀਰਵਾਰ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ। ਚਾਰ ਮਾਮਲੇ ਬਾਪੂਧਾਮ ਤੋਂ ਹਨ। ਚੰਡੀਗੜ੍ਹ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਹੁਣ ਕੁਲ ਗਿਣਤੀ 74 ਹੋ ਗਈ ਹੈ। ਪੀ.ਜੀ.ਆਈ. ਵਿਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ 52 ਸਾਲਾ ਆਰਤੀ ਦੇਵੀ ਦੀ ਬੁਧਵਾਰ ਮੌਤ ਹੋ ਗਈ ਸੀ। ਵੀਰਵਾਰ ਨੂੰ ਮ੍ਰਿਤਕ ਔਰਤ ਦੀ ਰਿਪੋਰਟ ਨੈਗੇਟਿਵ ਆਈ ਹੈ। 28 ਅਪ੍ਰੈਲ ਨੂੰ ਪੀ.ਜੀ.ਆਈ. ਦੇ ਏ.ਟੀ.ਸੀ. ਓ.ਪੀ.ਡੀ. ਵਿਚ ਔਰਤ ਨੂੰ ਦਾਖ਼ਲ ਕੀਤਾ ਗਿਆ ਸੀ। ਬੁਧਵਾਰ ਸਵੇਰੇ ਕਰੀਬ 10 ਵਜੇ ਔਰਤ ਦੀ ਮੌਤ ਹੋਈ ਸੀ।
ਇਕੱਲੇ ਬਾਪੂਧਾਮ ਵਿਚ 24 ਮਰੀਜ਼ ਪਾਜ਼ੇਟਿਵ : ਚੰਡੀਗੜ੍ਹ 'ਚ ਕੋਰੋਨਾ ਦਾ ਕੇਂਦਰ ਬਣ ਚੁਕੀ ਬਾਪੂਧਾਮ ਕਾਲੋਨੀ ਵਿਚ ਬੁਧਵਾਰ ਇਕ ਵਾਰ ਫਿਰ ਅੱਠ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਬਾਪੂਧਾਮ ਵਿਚ ਹੁਣ ਤਕ 24 ਲੋਕਾਂ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋ ਚੁਕੀ ਹੈ ਜਦਕਿ ਬੁਧਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ-32) ਦੇ ਇਕ ਟੈਕਨੀਸ਼ੀਅਨ ਵਿਚ ਅਤੇ ਸੈਕਟਰ-38 ਦੀ 79 ਸਾਲਾ ਬਜ਼ੁਰਗ ਔਰਤ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਸ਼ਹਿਰ ਵਿਚ ਜੀਐਮਸੀਐਚ-32 ਹਸਪਤਾਲ ਅਤੇ ਸੈਕਟਰ-26 ਬਾਪੂਧਾਮ ਕਾਲੋਨੀ ਕੋਰੋਨਾ ਵਾਇਰਸ ਦਾ ਕੇਂਦਰ ਬਣ ਚੁਕਾ ਹੈ। ਪਿਛਲੇ ਛੇ ਦਿਨਾਂ ਵਿਚ ਬਾਪੂਧਾਮ ਤੋਂ 24 ਅਤੇ ਜੀਐਮਸੀਐਚ-32 ਦੇ ਤਿੰਨ ਡਾਕਟਰਾਂ ਸਮੇਤ ਸਟਾਫ਼ ਦੇ ਕੁਲ 10 ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁਕੇ ਹਨ। ਬਾਪੂਧਾਮ ਅਤੇ ਜੀਐਮਸੀਐਚ-32 ਦੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਹੈਲਥ ਵਰਕਰਾਂ ਦੇ ਸੰਪਰਕ ਵਿਚ ਆਏ ਲੋਕ ਜਾਂ ਉਨ੍ਹਾਂ ਦੇ ਪਰਵਾਰ ਦੇ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁਕੇ ਹਨ।
ਇਹੀ ਕਾਰਨ ਹੈ ਕਿ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਫ਼ੋਨ ਕਰ ਕੇ ਚੰਡੀਗੜ੍ਹ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਨੂੰ ਵੇਖਦੇ ਹੋਏ ਯੂ.ਟੀ. ਪ੍ਰਸ਼ਾਸਨ ਨੂੰ ਸ਼ਹਿਰ ਵਿਚ ਸਖ਼ਤੀ ਕਰਨ ਦੇ ਆਦੇਸ਼ ਦਿਤੇ ਹਨ।
ਜੀਐਮਸੀਐਚ-32 ਦਾ ਟੈਕਨੀਸ਼ੀਅਨ ਪਾਜ਼ੇਟਿਵ : ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ-32) ਦੇ 38 ਸਾਲਾ ਦਾ ਟੈਕਨੀਸ਼ੀਅਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਟੈਕਨੀਸ਼ੀਅਨ ਵਾਰਡ ਸਰਵੈਂਟ ਅਤੇ ਓ.ਟੀ. ਅਟੈਂਡੈਂਟ ਦੇ ਸੰਪਰਕ ਵਿਚ ਸੀ, ਜਿਸ ਕਾਰਨ ਉਸ ਵਿਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਕੋਰੋਨਾ ਪਾਜ਼ੇਟਿਵ ਮਹਿਲਾ ਨੇ ਦਿਤਾ ਬੱਚੇ ਨੂੰ ਜਨਮ, ਬੱਚੇ ਦੀ ਰਿਪੋਰਟ ਨੈਗੇਟਿਵ : ਚੰਡੀਗੜ੍ਹ ਵਿਚ ਕੋਰੋਨਾ ਪਾਜ਼ੇਟਿਵ ਇਕ ਔਰਤ ਨੇ ਵੀਰਵਾਰ ਨੂੰ ਇਕ ਬੱਚੇ ਨੂੰ ਜਨਮ ਦਿਤਾ। ਔਰਤ ਬਾਪੂਧਾਮ ਕਲੋਨੀ ਦੀ ਰਹਿਣ ਵਾਲੀ ਹੈ। ਸ਼ਹਿਰ ਵਿਚ ਇਹ ਪਹਿਲਾ ਅਜਿਹਾ ਮਾਮਲਾ ਹੈ ਕਿ ਕੋਰੋਨਾ ਦੀ ਮਰੀਜ਼ ਨੇ ਬੱਚੇ ਨੂੰ ਜਨਮ ਦਿਤਾ ਹੈ। ਔਰਤ ਦੀ ਡਿਲੀਵਰੀ ਸੈਕਟਰ 16 ਹਸਪਤਾਲ ਵਿਚ ਹੋਈ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਆਇਸੋਲੇਸ਼ਨ ਵਾਰਡ ਵਿਚ ਨਿਗਰਾਨੀ ਵਿਚ ਹਨ। ਡਾਕਟਰਾਂ ਨੇ ਦਸਿਆ ਕਿ ਬੱਚੇ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਹੁਣ ਤਕ ਪਾਜ਼ੇਟਵ ਪਾਏ ਜਾ ਚੁਕੇ 74 ਵਿਚੋਂ ਕਰੀਬ ਜ਼ਿਆਦਾਤਰ ਲੋਕ ਬਾਪੂਧਾਮ ਤੋਂ ਹੀ ਪਾਜ਼ੇਟਿਵ ਪਾਏ ਜਾ ਚੁਕੇ ਹਨ। ਜੀਐਮਸੀਐਚ-32 ਦੇ ਵਾਰਡ ਅਟੈਂਡੈਂਟ ਦੇ ਪਾਜ਼ੇਟਿਵ ਪਾਏ ਜਾਣ ਉਪਰੰਤ ਇਥੇ ਸੰਕਰਮਣ ਤੇਜ਼ੀ ਨਾਲ ਫੈਲ ਰਿਹਾ ਹੈ ਕਿਉਂਕਿ ਉਕਤ ਵਿਅਕਤੀ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੁੱਝ ਦਿਨ ਪਹਿਲਾਂ ਅਪਣੇ ਘਰ ਦੀ ਛੱਤ 'ਤੇ ਵਿਆਹ ਵਰ੍ਹੇਗੰਢ ਪਾਰਟੀ ਦਿਤੀ ਸੀ। ਇਸ ਵਿਚ ਪਰਵਾਰ ਸਮੇਤ ਆਸਪਾਸ ਦੇ 130 ਲੋਕ ਸ਼ਾਮਲ ਹੋਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਲੋਕ ਪਾਜ਼ੇਟਿਵ ਨਿਕਲ ਰਹੇ ਹਨ।