
744 ਦਿਨਾਂ ਬਾਅਦ ਨਿਊਜ਼ੀਲੈਂਡ ਅੱਜ ਰਾਤ ਤੋਂ ਵਿਦੇਸ਼ੀ ਨਾਗਰਿਕਾਂ ਲਈ ਖੋਲ੍ਹੇਗਾ ਦੁਆਰ
ਔਕਲੈਂਡ, 1 ਮਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇਸ਼ ਲਗਭਗ 744 ਦਿਨਾਂ ਬਾਅਦ (2 ਸਾਲ 14 ਦਿਨ) ਬਾਅਦ ‘ਬਾਰਡਰ ਰੀਓਪਨਿੰਗ’ ਤਹਿਤ ਤੀਜੇ ਪੜਾਅ ਵਿਚ ਅੱਜ ਦੇਸ਼ ਦੀਆਂ ਸਰਹੱਦਾਂ ਨੂੰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਵਾਸਤੇ ਖੋਲ੍ਹ ਰਿਹਾ ਹੈ, ਜਿਨ੍ਹਾਂ ਨੂੰ ਇਥੇ ਦਾਖ਼ਲੇ ਵਾਸਤੇ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਅੱਜ ਪਹਿਲੀ ਮਈ ਰਾਤ 12 ਵਜੇ ਤੋਂ ਬਾਅਦ ਵਿਦੇਸ਼ ਨਾਗਰਿਕ ਇਥੇ ਆਉਣੇ ਸ਼ੁਰੂ ਹੋ ਜਾਣਗੇ, ਜਿਸ ਵਿਚ ਟੂਰ ਐਂਡ ਟਰੈਵਲ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ, ਵੇਖਣ ਵਾਲੀਆਂ ਥਾਵਾਂ ਉਤੇ ਕਾਰੋਬਾਰ ਵਧੇਗਾ, ਹੋਟਲ ਉਦਯੋਗ ਅਤੇ ਰੈਸਟੋਰੈਂਟ ਕਾਰੋਬਾਰ ਦੁਬਾਰਾ ਸ਼ੁਰੂ ਹੋਣਗੇ। ਆਉਣ ਵਾਲੇ ਲੋਕਾਂ ਦੇ ਕਰੋਨਾ ਟੀਕਾ ਲੱਗਿਆ ਹੋਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਆਸਟਰੇਲੀਆ ਵਾਲਿਆਂ ਵਾਸਤੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਕਰੋਨਾ ਸ਼ਰਤਾਂ ਤਹਿਤ ਅਪਣੇ ਬਾਰਡਰ ਖੋਲ੍ਹ ਚੁਕਾ ਹੈ। ਏਅਰ ਨਿਊਜ਼ੀਲੈਂਡ ਅਨੁਸਾਰ ਪਹਿਲੀਆਂ ਤਿੰਨ ਫ਼ਲਾਈਟਾਂ ਵਿਚ 1000 ਦੇ ਕਰੀਬ ਵਿਦੇਸ਼ ਨਾਗਰਿਕ ਇਸ ਦੇਸ਼ ਅੰਦਰ ਦਾਖ਼ਲ ਹੋਣਗੇ। ਇਹ ਫ਼ਲਾਈਟਾਂ ਅਮਰੀਕਾ ਅਤੇ ਫੀਜ਼ੀ ਤੋਂ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਵਿਜ਼ਟਰ ਵੀਜ਼ਾ ਮੌਜੂਦ ਹੈ, ਉਹ ਵੀ ਇਥੇ ਦਾਖ਼ਲ ਹੋ ਸਕਦੇ ਹਨ ਅਤੇ ਇਥੋਂ ਵਾਪਸ ਜਾ ਕੇ ਫਿਰ ਦੁਬਾਰਾ ਆ ਸਕਦੇ ਹਨ।